ਰਾਜਪੁਰਾ, 3 ਜਨਵਰੀ (ਜੀ.ਪੀ. ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਠੇਕੇਦਾਰ ਬੂਟਾ ਸਿੰਘ ਖਰਾਜਪੁਰ ਦੀ ਅਗਵਾਈ ਹੇਠ ਪਿੰਡ ਖਰਾਜਪੁਰ ਵਿਖੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਮਕਸਦ ਨਾਲ ਉਨ੍ਹਾਂ ਦਾ ਧਿਆਨ ਖੇਡਾਂ ਵਾਲੇ ਪਾਸੇ ਲਗਾਉਣ ਦੇ ਲਈ ਵਾਲੀਬਾਲ ਮੈਚ ਕਰਵਾਏ ਗਏ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਬਾਪੂ ਰੇਸ਼ਮ ਸਿੰਘ, ਲੱਖਾ ਖਰਾਜਪੁਰ, ਅੰਗਰੇਜ਼ ਸਿੰਘ ਗੇਜੂ ਸਮੇਤ ਹੋਰਨਾ ਪਿੰਡ ਵਾਸੀਆਂ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ | ਕਿਸਾਨ ਆਗੂ ਬੂਟਾ ਸਿੰਘ ਖਰਾਜਪੁਰ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਮੋੜਨ ਦੇ ਲਈ ਉਨ੍ਹਾਂ ਦਾ ਧਿਆਨ ਖੇਡਾਂ ਵਾਲੇ ਪਾਸੇ ਲਗਾਉਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ | ਖੇਡਾ ਖੇਡਣ ਵਾਲੇ ਨੌਜਵਾਨਾਂ ਨੂੰ ਜਿੱਥੇ ਅਨੁਸ਼ਾਸਨ ਵਿਚ ਰਹਿਣ ਦੀ ਸਿਖਲਾਈ ਮਿਲੇਗੀ ਉੱਥੇ ਉਹ ਸਰੀਰਕ ਪੱਖੋਂ ਵੀ ਰਿਸ਼ਟ ਪੁਸ਼ਟ ਰਹਿਣਗੇ | ਉਨ੍ਹਾਂ ਦੱਸਿਆ ਕਿ ਯੂਨੀਅਨ ਦੀ ਤਰਫੋਂ ਨੌਜਵਾਨਾਂ ਦੇ ਵਾਲੀਬਾਲ ਦੇ ਮੈਚ ਕਰਵਾਏ ਗਏ ਅਤੇ ਫਾਈਨਲ ਮੈਚ ਦੇ ਵਿਚ ਜੇਤੂ ਖਿਡਾਰੀਆਂ ਨੂੰ ਯੂਨੀਅਨ ਵੱਲੋਂ ਟਰਾਫੀਆਂ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਸਮੇਂ ਸਮੇਂ 'ਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜੀ ਰੱਖਣ ਲਈ ਅਜਿਹੇ ਖੇਡ ਮੁਕਾਬਲੇ ਜਾਰੀ ਰੱਖੇ ਜਾਣਗੇ |