ਰਾਜਪੁਰਾ, 3 ਜਨਵਰੀ (ਜੀ.ਪੀ. ਸਿੰਘ)-ਸਵੇਰੇ 5 ਵਜੇ ਤੋਂ ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ 'ਚ ਸਥਾਨਕ ਕੇਂਦਰੀ ਗੁਰਦੁਆਰਾ ਸਿੰਘ ਸਭਾ ਤੋਂ ਪ੍ਰਧਾਨ ਅਬਰਿੰਦਰ ਸਿੰਘ ਦੀ ਦੇਖ-ਰੇਖ 'ਚ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਨਗਰ ਕੀਰਤਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਤੋਂ ਅਰੰਭ ਹੋ ਕੇ ਗੋਬਿੰਦ ਕਾਲੋਨੀ, ਗੁਰੂ ਨਾਨਕ ਕਾਲੋਨੀ, ਸ਼ਹੀਦ ਭਗਤ ਸਿੰਘ ਕਾਲੋਨੀ, ਨਿਊ ਸ਼ਹੀਦ ਭਗਤ ਸਿੰਘ ਕਾਲੋਨੀ, ਗੁਲਾਬ ਨਗਰ, ਰਾਜਪੁਰਾ ਟਾਊਨ ਦੀਆਂ ਕਈ ਕਾਲੋਨੀਆਂ 'ਚੋਂ ਹੁੰਦਾ ਹੋਇਆ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਸੰਗਤਾਂ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਵੱਡੀ ਗਿਣਤੀ 'ਚ ਬੀਬੀਆਂ ਦਾ ਜਥਾ ਕੀਰਤਨ ਕਰ ਰਿਹਾ ਸੀ | ਗੁਲਾਬ ਨਗਰ ਵਿਖੇ ਨਗਰ ਕੀਰਤਨ ਦਾ ਸਵਾਗਤ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਪ੍ਰਧਾਨ ਸੇਵਕ ਸਿੰਘ ਦੀ ਅਗਵਾਈ 'ਚ ਕੀਤਾ ਗਿਆ | ਪ੍ਰਬੰਧਕ ਕਮੇਟੀ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਪਾਏ ਗਏ | ਨਗਰ ਕੀਰਤਨ ਦੌਰਾਨ ਥਾਂ-ਥਾਂ 'ਤੇ ਸੰਗਤਾਂ ਵਲੋਂ ਚਾਹ, ਪਾਣੀ ਅਤੇ ਹੋਰ ਵਸਤਾਂ ਦੇ ਲੰਗਰ ਲਗਾਏ ਗਏ ਸਨ | ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਵੀ ਆਪਣੇ ਜੌਹਰ ਦਿਖਾ ਰਹੀਆਂ ਸਨ | ਇਸ ਮੌਕੇ ਦਾਤਾਰ ਸਿੰਘ ਭਾਟੀਆ, ਸਰਪੰਚ ਕਿ੍ਪਾਲ ਸਿੰਘ ਭੰਗੂ, ਮੈਨੇਜਰ ਰਮਿੰਦਰ ਸਿੰਘ, ਮਹਿੰਦਰ ਸਿੰਘ ਭਿੰਡਰ, ਹਰਦੀਪ ਸਿੰਘ, ਦਰਸ਼ਨ ਸਿੰਘ ਮਾਮਾ, ਮੋਹਨ ਸਿੰਘ, ਅਵਤਾਰ ਸਿੰਘ, ਪ੍ਰੇਮ ਸਿੰਘ, ਚੇਤੰਨ ਸਿੰਘ, ਗੁਰਪਾਲ ਸਿੰਘ, ਸਤਵਿੰਦਰ ਸਿੰਘ ਸਮੇਤ ਹੋਰ ਸੰਗਤਾਂ ਨੇ ਆਪਣੀ ਸੇਵਾ ਨਿਭਾਈ |