09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨਗਰ ਨਿਗਮ ਨੇ 2026-27 ਲਈ 161 ਕਰੋੜ 2 ਲੱਖ ਰੁਪਏ ਦਾ ਬਜਟ ਕੀਤਾ ਪਾਸ

Ad Position 21
No active advertisement
ਨਗਰ ਨਿਗਮ ਵਿਖੇ ਪੇਸ਼ ਕੀਤੇ ਜਾ ਰਹੇ ਬਜਟ ਨੂੰ ਪੜ੍ਹ ਕੇ ਸੁਣਾਉਂਦੇ ਹੋਏ ਡੀ.ਸੀ.ਐਫ.ਏ. ਨੀਰਜ ਰਹੇਜਾ, ਨਾਲ ਬੈਠੇ ਹਨ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਕਮਿਸ਼ਨਰ ਪਰਮਜੀਤ ਸਿੰਘ ਤੇ ਹੋਰ | ਅਜੀਤ ਤਸਵੀਰ <br/> 03-03-2026
ਪਟਿਆਲਾ, 2 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਵਲੋਂ ਸਾਲ 2026 -27 ਦਾ ਬਜਟ ਪੇਸ਼ ਕਰਕੇ 16,102 ਲੱਖ ਰੁਪਏ ਦਾ ਭਾਵ 161 ਕਰੋੜ 2 ਲੱਖ ਰੁਪਏ ਦਾ ਟੀਚਾ ਮਿਥਿਆ ਹੈ | ਹਾਊਸ 'ਚ ਡੀ.ਸੀ.ਐਫ.ਏ. ਨੀਰਜ ਰਹੇਜਾ ਵਲੋਂ ਬਜਟ ਪੜ੍ਹ ਕੇ ਸੁਣਾਇਆ ਗਿਆ | ਇਸ ਬਜਟ ਨੂੰ ਹੁਕਮਰਾਨ ਤੇ ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਸਰਬਸੰਮਤੀ ਨਾਲ ਬਗੈਰ ਕਿਸੇ ਵਿਰੋਧ ਦੇ ਪਾਸ ਕਰ ਦਿੱਤਾ ਗਿਆ | ਪਾਸ ਬਜਟ 'ਚ 12 ਹਜ਼ਾਰ ਲੱਖ ਰੁਪਏ ਅਮਲੇ ਦੇ ਉੱਪਰ ਖ਼ਰਚ ਕਰਨਾ ਜੋ ਪੂਰੇ ਬਜਟ ਦਾ 67.3 ਫ਼ੀਸਦੀ ਬਣਦਾ ਹੈ | ਅਚਨਚੇਤ ਖ਼ਰਚਿਆਂ ਲਈ 550 ਲੱਖ ਰੁਪਏ ਜੋ ਬਜਟ ਦਾ 3.72 ਫ਼ੀਸਦੀ ਬਣਦਾ ਹੈ | ਵਿਕਾਸ ਦੇ ਕੰਮਾਂ ਲਈ 5350 ਲੱਖ ਰੁਪਏ ਤਜਵੀਜ਼ ਕੀਤੇ ਗਏ ਹਨ ਇਹ ਬਜਟ ਦਾ 29.88 ਫ਼ੀਸਦੀ ਹਿੱਸਾ ਬਣਦਾ ਹੈ | ਗੌਰਤਲਬ ਹੈ 2026-27 ਦੌਰਾਨ ਵਿਕਾਸ ਕੰਮਾਂ ਲਈ ਪੰਜਾਬ ਸਰਕਾਰ ਵਲੋਂ 15 ਹਜ਼ਾਰ ਲੱਖ ਰੁਪਏ ਦੀ ਗਰਾਂਟ ਹੋਰ ਵਿਕਾਸ ਕੰਮਾਂ ਲਈ ਵੀ ਦਿੱਤੀ ਜਾਵੇਗੀ | ਇੱਥੇ ਇਹ ਵੀ ਦੱਸਣਾ ਸਹੀ ਹੋਵੇਗਾ ਕਿ ਸਾਲ 2026-27 ਲਈ ਲੋਕਾਂ ਤੋਂ ਨਗਰ ਨਿਗਮ ਬਤੌਰ ਪ੍ਰਾਪਰਟੀ ਟੈਕਸ 3000 ਲੱਖ ਰੁਪਏ ਵਸੂਲੇਗਾ | ਪੰਜਾਬ ਮਿਊਾਸੀਪਲ ਫ਼ੰਡ ਜੀ.ਐੱਸ.ਟੀ. ਸ਼ੇਅਰ ਬਿਜਲੀ ਦੀ ਖਪਤ ਅਤੇ ਮਿਊਾਸੀਪਲ ਟੈਕਸ ਰਾਹੀਂ ਪੰਜਾਬ ਮਿਊਾਸੀਪਲ ਫ਼ੰਡ ਸ਼ੇਅਰ ਦੀ ਆਮਦਨ 7200 ਲੱਖ ਰੁਪਏ ਮਿਥੀ ਗਈ ਹੈ | ਐਡੀਸ਼ਨਲ ਐਕਸਾਈਜ਼ ਡਿਊਟੀ ਤੋਂ 500 ਲੱਖ, ਰੈਂਟ ਲੀਜ਼ ਅਤੇ ਟਰਾਂਸਫ਼ਰ ਆਫ ਪ੍ਰੋਪਰ ਰਾਈਟਸ ਰਾਹੀਂ 55 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਫ਼ੀਸ ਰਾਹੀਂ 2600 ਲੱਖ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ ਦੀ ਸੇਵਾ ਪ੍ਰਧਾਨ ਕਰਨ ਬਦਲੇ 1250 ਲੱਖ ਰੁਪਏ, ਐਡਵੋਕੇਟਾਈਜਮੈਂਟ ਟੈਕਸ ਰਾਹੀਂ 600 ਲੱਖ ਰੁਪਏ, ਸਮਝੌਤਾ ਫ਼ੀਸ ਰਾਹੀਂ 20 ਲੱਖ ਰੁਪਏ, ਸਟਰੀਟ ਵੈਂਡਰ ਰਾਹੀਂ 25 ਲੱਖ ਰੁਪਏ, ਇਨ੍ਹਾਂ ਤੋਂ ਇਲਾਵਾ ਹੋਰ ਵਸੀਲਿਆਂ ਰਾਹੀਂ 295 ਲੱਖ ਰੁਪਏ ਵੀ ਨਿਗਮ ਖਜਾਨੇ 'ਚ ਲਿਆਉਣ ਲਈ ਨਿਗਮ ਮੁਲਾਜ਼ਮ ਅਤੇ ਅਧਿਕਾਰੀ ਜਦੋਂ ਜਹਿਦ ਕਰਨਗੇ | ਜਦੋਂ ਕਿ ਸਾਲ 2025-26 ਲਈ ਨਗਰ ਨਿਗਮ ਵਲੋਂ ਇਹ ਟੀਚਾ 13906.20 ਲੱਖ ਰੁਪਏ ਮਿਥਿਆ ਗਿਆ ਸੀ | 31 ਦਸੰਬਰ 25 ਤੱਕ ਨਿਗਮ ਖਜਾਨੇ 'ਚ ਨਗਰ ਨਿਗਮ ਦੇ ਮੁਲਾਜ਼ਮ ਅਤੇ ਅਧਿਕਾਰੀ 9372.42 ਲੱਖ ਰੁਪਏ ਲਿਆਉਣ 'ਚ ਕਾਮਯਾਬ ਹੋਏ | ਮਾਰਚ 2026 ਤੱਕ ਇਸ ਨੂੰ ਪੂਰਾ ਕਰਨ ਦਾ ਵਾਅਦਾ ਵੀ ਕੀਤਾ ਗਿਆ |
ਜਨਰਲ ਹਾਊਸ ਦੀ ਬੈਠਕ 'ਚ ਦੋ ਮੱਦਾਂ ਨੂੰ ਛੱਡ ਬਾਕੀ ਸਾਰੀਆਂ ਸਰਬਸੰਮਤੀ ਨਾਲ ਪਾਸ
ਬਜਟ 2026 -27 ਪਾਸ ਕਰਨ ਤੋਂ ਬਾਅਦ ਨਗਰ ਨਿਗਮ ਦੇ ਜਨਰਲ ਹਾਊਸ ਦੀ ਵਿਸ਼ੇਸ਼ ਬੈਠਕ ਹੋਈ | ਜਿਸ 'ਚ ਲਿਆਂਦੀਆਂ 20 ਦੇ ਕਰੀਬ ਮੱਦਾਂ 'ਚੋਂ ਇਕ ਦੋ ਨੂੰ ਛੱਡ ਕੇ ਬਾਕੀ ਸਰਬਸੰਮਤੀ ਨਾਲ ਪਾਸ ਕਰਵਾ ਲਈਆਂ ਗਈਆਂ | ਜਨਰਲ ਹਾਊਸ ਦੀ ਬੈਠਕ 'ਚ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪਟਿਆਲਾ ਦੀ ਹਦੂਦ 'ਚ ਹੁਣ ਕੋਈ ਵੀ ਵਿਕਾਸ ਕਾਰਜ ਲਈ ਟਾਈਲਾਂ ਨਹੀਂ ਵਰਤੀਆਂ ਜਾਣਗੀਆਂ | 1 ਅਪ੍ਰੈਲ ਤੋਂ ਹਰ ਮੁਲਾਜ਼ਮ ਦੀ ਹਾਜ਼ਰੀ ਬਾਇਓਮੈਟਰਿਕ ਰਾਹੀਂ ਹੋਵੇਗੀ ਤਾਂ ਕਿ ਕੋਈ ਵੀ ਮੁਲਾਜ਼ਮ ਆਪਣੇ ਡਿਊਟੀ ਤੋਂ ਕੁਤਾਹੀ ਨਾ ਕਰੇ ਮੁਲਾਜਮਾਂ ਨੂੰ ਸਾਢੇ ਛੇ ਕਰੋੜ ਰੁਪਏ ਮਹੀਨਾ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾ ਰਹੀ ਹੈ ਹੈ | ਇਸ ਲਈ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਤਨਦੇਹੀ ਨਾਲ ਪ੍ਰਦਾਨ ਕਰਵਾਉਣ | ਮੇਅਰ ਨੇ ਬੈਠਕ ਦੌਰਾਨ ਇਹ ਐਲਾਨ ਵੀ ਕੀਤਾ ਕਿ ਮੌਜੂਦਾ ਸਮੇਂ ਸਫ਼ਾਈ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਾਰੇ ਸੈਂਟਰਰੀ ਇੰਸਪੈਕਟਰਾਂ ਦੇ ਇਲਾਕੇ ਚੇਂਜ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਦਿੱਤਾ ਜਾ ਸਕੇ | ਇਸ ਮੌਕੇ ਕਈ ਕੌਂਸਲਰਾਂ ਨੇ ਕਮਿਸ਼ਨਰ ਨੂੰ 25 ਹਜਾਰ ਤੋਂ 75 ਹਜਾਰ ਅਤੇ ਹੁਣ 2 ਲੱਖ ਰੁਪਏ ਐਮਰਜੈਂਸੀ ਕੰਮਾਂ ਨੂੰ ਕਰਵਾਉਣ ਦੀ ਪਾਵਰ ਦਿੱਤੇ ਜਾਣ ਦਾ ਵਿਰੋਧ ਕੀਤਾ | ਜਨਰਲ ਹਾਊਸ ਦੀ ਚਲਦੀ ਬੈਠਕ 'ਚ ਹੁਕਮਰਾਨ ਧਿਰ ਦੇ ਹੀ ਕਈ ਕੌਂਸਲਰਾਂ ਨੇ ਜਿਨ੍ਹਾਂ 'ਚ ਜਸਬੀਰ ਸਿੰਘ ਗਾਂਧੀ ਵੀ ਸ਼ਾਮਲ ਸਨ, ਵਲੋਂ ਨਾਜਾਇਜ਼ ਕੱਟੀਆਂ ਜਾ ਰਹੀਆਂ ਕਾਲੋਨੀਆਂ ਦਾ ਮਸਲਾ ਵੀ ਚੁੱਕਿਆ ਗਿਆ | ਇਨ੍ਹਾਂ ਦੇ ਤਰਕ ਮੁਤਾਬਿਕ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ 'ਚ ਪੈਂਦਾ ਸੀਵਰੇਜ ਦਾ ਕਨੈੱਕਸ਼ਨ ਨਗਰ ਨਿਗਮ ਦੀ ਸੀਵਰੇਜ ਲਾਈਨ ਨੂੰ ਪੈਂਚਰ ਕਰਕੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕਰ ਦਿੱਤਾ ਜਾਂਦਾ ਹੈ | ਜਿਸ ਤੋਂ ਬਾਅਦ ਸੀਵਰੇਜ ਦੇ ਓਵਰਫ਼ਲੋ ਦੀ ਸਮੱਸਿਆ ਨਾਲ ਆਮ ਨਾਗਰਿਕਾਂ ਨੂੰ ਦੋ ਚਾਰ ਹੋਣਾ ਪੈਂਦਾ ਹੈ ਜਿਸ ਤੋਂ ਬਾਅਦ ਸਰਕਾਰ ਅਤੇ ਨਿਗਮ 'ਤੇ ਕਾਬਜ਼ ਧਿਰ ਦੀ ਫਜੀਅਤ ਲੋਕਾਂ 'ਚ ਹੁੰਦੀ ਹੈ | ਮੇਅਰ ਕੁੰਦਨ ਗੋਗੀਆ ਨੇ ਵੀ ਮੰਨਿਆ ਕੀ ਲੰਘੇ ਸਮੇਂ 'ਚ ਨਾਜਾਇਜ਼ ਕਾਲੋਨੀਆਂ ਆਦਿ ਕੱਟੀਆਂ ਗਈਆਂ | ਉਨ੍ਹਾਂ ਇਕ ਕਾਲੋਨੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਖ਼ਤੀ ਤੋਂ ਬਾਅਦ ਉਸ ਕੋਰੋਨਾਜਰ ਵਲੋਂ ਨਿਗਮ ਖਜਾਨੇ 'ਚ ਇਕ ਕਰੋੜ 10 ਲੱਖ ਰੁਪਏ ਕਾਲੋਨੀ ਪਾਸ ਕਰਵਾਉਣ ਲਈ ਜਮਾ ਕਰਵਾ ਦਿੱਤੇ ਗਏ ਹਨ ਪ੍ਰੰਤੂ ਕੌਂਸਲਰਾਂ ਮੁਤਾਬਿਕ ਹਲੇ ਵੀ ਕਈ ਕਾਲੋਨੀਆਂ ਅਜਿਹੀਆਂ ਹਨ ਜੋ ਕੱਟੀਆਂ ਜਾ ਰਹੀਆਂ ਹਨ | ਜਿਸ 'ਚ ਨਿਗਮ ਮੁਲਾਜਮਾਂ ਦੀ ਸਿੱਧੀ ਮਿਲੀ ਭੁਗਤ ਹੈ | ਜਿਸ 'ਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਹਰ ਵਾਰ ਬਚਾਅ ਮੁਦਰਾ 'ਚ ਦੇਖੇ ਤੇ ਸੁਣੇ ਗਏ | ਜਨਰਲ ਹਾਊਸ 'ਚ ਅਵਤਾਰ ਸਿੰਘ ਤਾਰੀ, ਹਰਵਿੰਦਰ ਸ਼ੁਕਲਾ ਵਲੋਂ ਨਾਜਾਇਜ਼ ਰੇੜ੍ਹੀਆਂ ਕਾਰਨ ਆਮ ਲੋਕਾਂ ਨੂੰ ਹੁੰਦੀਆਂ ਸਮੱਸਿਆਵਾਂ ਦਾ ਮੁੱਦਾ ਚੁੱਕਿਆ ਗਿਆ | ਜਿਸ 'ਤੇ ਤਕਰੀਬਨ ਸਾਰਾ ਹੀ ਹਾਊਸ ਇੱਕਜੁੱਟ ਹੋ ਕੇ ਇਹ ਕਹਿੰਦਾ ਸੁਣਿਆ ਗਿਆ ਕਿ ਜਿੰਨੀਆਂ ਵੀ ਨਾਜਾਇਜ਼ ਜਿਹੜੀਆਂ ਦੁਕਾਨਾਂ ਜਾਂ ਸੜਕਾਂ ਦੇ ਕੰਡੇ ਲੱਗੀਆਂ ਹਨ ਉਨ੍ਹਾਂ ਦੇ ਉੱਪਰ ਬਗੈਰ ਕਿਸੇ ਦੇਰੀ ਤੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਕਮਿਸ਼ਨਰ ਨਗਰ ਨਿਗਮ ਪਰਮਜੀਤ ਸਿੰਘ ਨੇ ਮੌਕੇ 'ਤੇ ਕਿਹਾ ਕਿ ਜਿਸ ਵਕਤ ਇਹ ਰੇੜ੍ਹੀਆਂ ਆਦਿ ਚੁੱਕਣ ਲਈ ਕਾਰਵਾਈ ਹੁੰਦੀ ਹੈ ਤਾਂ ਕਈ ਕੌਂਸਲਰਾਂ ਦਾ ਫ਼ੋਨ ਉਨ੍ਹਾਂ ਨੂੰ ਛੱਡਣ ਲਈ ਆਉਂਦਾ ਹੈ ਅੱਗੋਂ ਅਜਿਹਾ ਫ਼ੋਨ ਨਾ ਆਵੇ ਤਾਂ ਕਾਰਵਾਈ ਮੁਕੰਮਲ ਤੌਰ 'ਤੇ ਆਰੰਭੀ ਜਾਵੇਗੀ | ਜਿਸ 'ਤੇ ਸਾਰਾ ਹਾਊਸ ਸਹਿਮਤ ਦਿਖਿਆ | ਇਸ ਤੋਂ ਇਲਾਵਾ ਸ਼ਹਿਰ 'ਚ ਸੈਂਕੜਿਆਂ ਦੇ ਹਿਸਾਬ ਨਾਲ ਸੜਕਾਂ 'ਤੇ ਆਏ ਈ-ਰਿਕਸ਼ਾ ਨਾਲ ਹੁੰਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਗਿਆ | ਇਨ੍ਹਾਂ ਨੂੰ ਦੁਰਘਟਨਾਵਾਂ ਦਾ ਮੁੱਖ ਕਾਰਨ ਦੱਸ ਕੇ ਲਗਾਮ ਪਾਉਣ ਦੀ ਮੰਗ ਕੀਤੀ ਗਈ | ਕਈ ਕੌਂਸਲਰਾਂ ਨੇ ਸਕੂਲਾਂ ਕਾਰਨ ਵਾਈ.ਪੀ.ਐੱਸ. ਰੋਡ, ਲੋਅਰ ਮਾਲ ਰੋਡ ਦੇ ਉੱਪਰ ਹਮੇਸ਼ਾ ਲੱਗੇ ਰਹਿੰਦੇ ਆਵਾਜਾਈ ਜਾਮ 'ਚ ਫਸੀਆਂ ਐਂਬੂਲੈਂਸਾਂ ਦਾ ਜ਼ਿਕਰ ਕਰਦਿਆਂ ਵੀ ਇਨ੍ਹਾਂ ਦੇ ਸਥਾਈ ਹੱਲ ਦੀ ਮੰਗ ਕੀਤੀ | ਕੌਂਸਲਰ ਤੇਜਿੰਦਰ ਮਹਿਤਾ ਨੇ ਸ਼ਹਿਰ ਨਾਲ ਸੰਬੰਧਿਤ ਹਰਿਆਲੀ ਦਾ ਮੁੱਦਾ ਚੁੱਕਿਆ | ਉਨ੍ਹਾਂ ਕਿਹਾ ਕਿ ਬਾਗ਼ਾਂ ਦੇ ਸ਼ਹਿਰ ਅੰਦਰ ਹਰਿਆਲੀ ਦੇਖਣ ਨੂੰ ਨਹੀਂ ਮਿਲ ਰਹੀ | ਉਨ੍ਹਾਂ ਪਾਰਕਾਂ ਨੂੰ ਦੁਬਾਰਾ ਤੋਂ ਦੇਖਭਾਲ ਕਰਨ ਦੀ ਮੰਗ ਕਰਦਿਆਂ ਲਗਾਏ ਜਾ ਰਹੇ ਬੂਟਿਆਂ ਦੀ ਸੁਰੱਖਿਆ ਲਈ ਟ੍ਰੀ ਗਾਰਡ ਲਗਾਉਣ ਦੀ ਮੰਗ ਵੀ ਕੀਤੀ | ਕੌਂਸਲਰ ਨਰੇਸ਼ ਦੁੱਗਲ ਨੇ ਆਪਣੇ ਵਾਰਡ ਵਿਚ ਬਣੀ ਡਿਸਪੈਂਸਰੀ ਨੂੰ ਵੱਡਾ ਕਰਨ ਦੀ ਮੰਗ ਕੀਤੀ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਕੌਂਸਲਰ ਗੁਰਜੀਤ ਸਿੰਘ ਸਾਹਨੀ, ਨਰੇਸ਼ ਦੁੱਗਲ, ਰਵਿੰਦਰ ਕੌਰ ਜੋਨੀ ਕੋਹਲੀ, ਵੰਦਨਾ ਜੋਸ਼ੀ, ਰਣਜੀਤ ਸਿੰਘ, ਜਗਮੋਹਨ ਸਿੰਘ, ਰਾਜੂ ਸਾਹਨੀ ਆਦਿ ਕੌਂਸਲਰ ਮੌਜੂਦ ਸਨ |
-ਡੱਬੀ
-ਤਿੱਖੀ ਬਹਿਸ ਤੋਂ ਬਾਅਦ ਭਾਜਪਾਈ ਕੌਂਸਲਰ ਅਨੁਜ ਖੋਸਲਾ ਨੂੰ ਪੁਲਿਸ ਦੀ ਮਦਦ ਨਾਲ ਹਾਊਸ 'ਚੋਂ ਕੱਢਿਆ ਬਾਹਰ
ਚਲਦੇ ਹੋਏ ਜਨਰਲ ਹਾਊਸ 'ਚ ਉਸ ਵਕਤ ਭਾਰੀ ਹੰਗਾਮਾ ਦੇਖਣ, ਸੁਣਨ ਨੂੰ ਮਿਲਿਆ ਜਦੋਂ ਵਿਰੋਧੀ ਧਿਰ ਦੇ ਭਾਜਪਾਈ ਕੌਂਸਲਰ ਅਨੁਜ ਖੋਸਲਾ ਅਤੇ ਹੁਕਮਰਾਨ ਧਿਰ ਦੇ ਕੌਂਸਲਾਂ 'ਚ ਜ਼ਬਰਦਸਤ ਬਹਿਸ ਹੋ ਗਈ | ਬਹਿਸ ਹੱਥੋਂ ਪਾਈ ਤੱਕ ਵੀ ਨਾ ਪਹੁੰਚੇ ਤਾਂ ਪੁਲਿਸ ਨੂੰ ਦਖ਼ਲ ਦੇਣਾ ਪਿਆ | ਜਿਸ ਤੋਂ ਬਾਅਦ ਹਾਊਸ ਵਲੋਂ ਅਨੁਜ ਖੋਸਲਾ ਨੂੰ ਨਗਰ ਨਿਗਮ ਦੇ ਚਲਦੇ ਜਨਰਲ ਹਾਊਸ 'ਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਗਏ | ਜਿਸ ਤੋਂ ਬਾਅਦ ਮੌਕੇ 'ਤੇ ਤੈਨਾਤ ਪੁਲਿਸ ਵਲੋਂ ਉਨ੍ਹਾਂ ਨੂੰ ਜਨਰਲ ਹਾਊਸ ਦੀ ਮੀਟਿੰਗ 'ਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੇ ਨਾਲ ਕਈ ਭਾਜਪਾਈ ਕੌਂਸਲਰ ਵੀ ਜਨਰਲ ਹਾਊਸ ਦੀ ਬੈਠਕ 'ਚੋਂ ਬਾਹਰ ਚਲੇ ਗਏ | ਇੱਥੇ ਮੇਅਰ ਕੁੰਦਨ ਗੋਗੀਆ ਵਲੋਂ ਸਪਸ਼ਟ ਕੀਤਾ ਗਿਆ ਕਿ ਜੇ ਅਨੁਜ ਖੋਸਲਾ ਲਗਾਏ ਹੋਏ ਇਲਜ਼ਾਮਾਂ ਦੇ ਸਬੂਤ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਅਗਲੇ ਜਨਰਲ ਹਾਊਸ ਦੀ ਬੈਠਕ 'ਚੋਂ ਵੀ ਬਾਹਰ ਕੱਢ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਟਾਵਰ ਮੋਰਚਾ ਕਮੇਟੀ ਵਲੋਂ ਕੀਤਾ ਸਮਾਣਾ ਬੰਦ ਰਿਹਾ ਮੁਕੰਮਲ ਸਫਲ ਅਗਲੀ ਖ਼ਬਰ ਉੱਨ ਨਾਲ ਉਤਪਾਦ ਬਣਾਉਣ ਵਾਲੀ ਜੋੜੀ ਮੇਲੇ 'ਚ ਛਾਈ
Ad Position 24