ਭੁੱਨਰਹੇੜੀ, 2 ਮਾਰਚ (ਧਨਵੰਤ ਸਿੰਘ)-ਹਲਕਾ ਸਨੌਰ ਅੰਦਰ ਪਿੰਡ ਅਕੌਤ ਵਿਚ ਸੰਨ 1997 ਦੌਰਾਨ ਸ਼ਾਨੋ-ਸ਼ੌਕਤ ਨਾਲ ਫੋਕਲ ਪੁਆਇੰਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ | ਇਹ ਪ੍ਰੋਜੈਕਟ ਇਲਾਕੇ ਦੀ ਤਸਵੀਰ ਬਦਲ ਵੱਲ ਸੰਕੇਤ ਮੰਨਿਆ ਜਾ ਰਿਹਾ ਸੀ | ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੁੱਲ੍ਹਣੇ ਸਨ | ਸਨੌਰ ਉਦਯੋਗਿਕ ਨਕਸ਼ੇ 'ਤੇ ਉੱਭਰਨ ਦੀ ਉਮੀਦ ਨਜ਼ਰ ਆਉਣ ਲੱਗੀ ਸੀ | ਉਸ ਵੇਲੇ ਦੇ ਤਤਕਾਲੀ ਸਰਪੰਚ ਜਸਵੰਤ ਸਿੰਘ ਅਕੌਤ ਦੇ ਉੱਦਮ ਨਾਲ ਸਾਬਕਾ ਲੋਕ ਨਿਰਮਾਣ ਮੰਤਰੀ ਸਵ. ਹਰਮੇਲ ਸਿੰਘ ਟੌਹੜਾ ਵਲੋਂ ਰੱਖਿਆ ਗਿਆ ਨੀਂਹ ਪੱਥਰ ਅੱਜ ਵੀ ਮੌਜੂਦ ਹੈ, ਪਰ ਉਹ ਤਰੱਕੀ ਨਹੀਂ, ਸਗੋਂ ਅਧੂਰੇ ਵਾਅਦਿਆਂ ਦੀ ਗਵਾਹੀ ਭਰ ਰਿਹਾ ਹੈ | ਇਸ ਪ੍ਰਾਜੈਕਟ ਲਈ ਕਰੋੜਾਂ ਰੁਪਏ ਦੇ ਸਰਕਾਰੀ ਫ਼ੰਡ ਜਾਰੀ ਹੋਣ ਦੇ ਬਾਵਜੂਦ ਇਹ ਯੋਜਨਾ ਅੱਧ ਵਿਚ ਹੀ ਠੱਪ ਹੋ ਗਈ | ਜ਼ਮੀਨ ਦੀ ਨਿਸ਼ਾਨਦੇਹੀ ਹੋਈ, ਕੁੱਝ ਬੁਨਿਆਦੀ ਢਾਂਚੇ ਦੀ ਸ਼ੁਰੂਆਤ ਵੀ ਕੀਤੀ ਗਈ, ਸੜਕ ਬਣੀ, ਮੰਡੀ ਫੜਾਂ ਅਤੇ ਦੁਕਾਨਾਂ ਤਿਆਰ ਕੀਤੀਆਂ ਗਈਆਂ, ਪਰ ਬਦਲੀ ਸਿਆਸਤ 'ਚ ਫਿਰ ਸਭ ਕੁੱਝ ਰੁਕ ਗਿਆ | ਉਦਯੋਗਿਕ ਇਕਾਈਆਂ ਲਈ ਬਿਜਲੀ, ਪਾਣੀ ਅਤੇ ਹੋਰ ਲਾਜ਼ਮੀ ਸਹੂਲਤਾਂ ਦੇ ਪ੍ਰਬੰਧ ਕਾਗ਼ਜ਼ਾਂ ਤੱਕ ਹੀ ਸੀਮਤ ਰਹਿ ਗਏ | ਅੱਜ ਹਾਲਾਤ ਇਹ ਹਨ, ਕਿ ਜਿਸ ਫੋਕਲ ਪੁਆਇੰਟ ਨੇ ਰੋਜ਼ਗਾਰ ਦਾ ਕੇਂਦਰ ਬਣਨਾ ਸੀ, ਉਹ ਸੁੰਨਾ ਖੰਡਰ ਬਣ ਕੇ ਖੜ੍ਹਾ ਹੈ | ਨੌਜਵਾਨਾਂ ਦੇ ਸੁਪਨੇ ਟੁੱਟ ਗਏ ਹਨ ਅਤੇ ਬੇਰੁਜ਼ਗਾਰੀ ਦੀ ਮਾਰ ਨੇ ਉਨ੍ਹਾਂ ਨੂੰ ਪਰਦੇਸ ਵੱਲ ਧੱਕ ਦਿੱਤਾ ਹੈ | ਇਹ ਸਭ ਕੁੱਝ ਰਾਜਨੀਤਿਕ ਖਿੱਚੋਤਾਣ ਅਤੇ ਅਣਗਹਿਲੀ ਨੇ ਇਸ ਪ੍ਰੋਜੈਕਟ ਦੀ ਕਮਰ ਤੋੜ ਦਿੱਤੀ | ਰਾਜਨੀਤੀ ਦੇ ਮਾਰ ਨੇ ਲੋਕਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ | ਵਿਕਾਸ ਦੇ ਨਾਂ 'ਤੇ ਕੀਤੇ ਗਏ ਐਲਾਨ ਸਿਰਫ਼ ਮੰਚਾਂ ਤੱਕ ਹੀ ਸੀਮਤ ਰਹਿ ਗਏ | ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਜੋ ਸਰਕਾਰੀ ਫ਼ੰਡ ਜਾਰੀ ਹੋਏ ਸਨ, ਉਹ ਬਰਬਾਦ ਹੋ ਗਏ, ਇੱਥੋਂ ਲੰਘਣ ਵਾਲਾ ਜ਼ਰੂਰ ਸੋਚਦਾ ਹੈ ਕਿ ਫੋਕਲ ਪੁਆਇੰਟ ਨੂੰ ਅਧੂਰਾ ਵਿਚ ਕਿਉਂ ਛੱਡਿਆ ਗਿਆ? ਇਹ ਮਾਮਲਾ ਅਕੌਤ ਫੋਕਲ ਪੁਆਇੰਟ ਹੁਣ ਸਿਰਫ਼ ਅਧੂਰੇ ਪ੍ਰੋਜੈਕਟ ਦੀ ਕਹਾਣੀ ਨਹੀਂ, ਸਗੋਂ ਸਿਸਟਮ 'ਤੇ ਵੱਡਾ ਸਵਾਲਚਿੰਨ ਬਣ ਚੁੱਕਾ ਹੈ | ਇਸ ਪ੍ਰਾਜੈਕਟ ਬਾਰੇ ਲੋਕ ਪੁੱਛ ਰਹੇ ਹਨ, ਕੀ ਹਿਸਾਬ ਕੌਣ ਦੇਵੇਗਾ, ਵਿਕਾਸ ਦੇ ਨਾਂ 'ਤੇ ਹੋਏ ਇਸ 'ਖੇਡ' ਲਈ ਆਖਰ ਜ਼ਿੰਮੇਵਾਰ ਕੌਣ ਹੈ?