ਪਟਿਆਲਾ, 3 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ ਚੱਲ ਰਿਹਾ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ ਬੀਤੀ ਰਾਤ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਬਲਤੇਜ ਪੰਨੂ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਵਿਧਾਇਕ ਕੋਹਲੀ ਨੇ ਮੇਲੇ ਦੀ ਸਫਲਤਾ ਲਈ ਸਹਿਯੋਗ ਕਰਨ ਵਾਲਿਆਂ ਸਮੇਤ ਗਾਇਕ ਆਰ ਨੇਤ ਦਾ ਸਨਮਾਨ ਕੀਤਾ | ਮੇਲੇ ਦੀ ਆਖ਼ਰੀ ਸ਼ਾਮ ਵੇਲੇ ਪੰਜਾਬੀ ਗਾਇਕ ਆਰ ਨੇਤ ਦੀ ਗਾਇਕੀ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ | ਇਸੇ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਵਣਜ ਤੇ ਉਦਯੋਗ ਵਿਭਾਗ, ਸੈਰ-ਸਪਾਟਾ ਤੇ ਸਭਿਆਚਾਰਕ ਵਿਭਾਗ ਪੰਜਾਬ ਅਤੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਇਸ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਨੇ ਦੇਸ਼-ਵਿਦੇਸ਼ ਦੇ ਦਸਤਕਾਰਾਂ ਤੇ ਸ਼ਿਲਪਕਾਰਾਂ ਸਮੇਤ ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ-ਰੋਜ਼ਗਾਰ ਅਤੇ ਆਪਣੀਆਂ ਹੱਥੀਂ ਬਣਾਈਆਂ ਵਸਤਾਂ ਫੁਲਕਾਰੀ, ਚਿਕਨ ਸੂਟ, ਲੋਹੇ, ਬਾਂਸ ਤੇ ਲੱਕੜ ਦਾ ਫ਼ਰਨੀਚਰ, ਮਿੱਟੀ ਦੇ ਭਾਂਡੇ, ਆਚਾਰ, ਮੁਰੱਬੇ ਤੇ ਖਾਣ-ਪੀਣ ਸਮੇਤ ਹੋਰ ਸਾਜੋ-ਸਮਾਨ ਆਦਿ ਵੇਚਣ ਲਈ ਪਟਿਆਲਾ ਵਿਖੇ ਇਕ ਵੱਡਾ ਮੰਚ ਪ੍ਰਦਾਨ ਕੀਤਾ ਹੈ | ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਇਸ ਵਾਰ ਮਹਿਲਾ ਸਸ਼ਕਤੀਕਰਨ ਅਤੇ ਮਹਿਲਾ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਪਟਿਆਲਾ ਸ਼ਹਿਰ ਵਿਚ ਪੰਜਾਬ ਸਖੀ ਸ਼ਕਤੀ ਕਰਾਫ਼ਟ ਲਗਾਇਆ ਗਿਆ ਸੀ | ਮੇਲੇ ਨੇ ਪਟਿਆਲਾ ਵਾਸੀਆਂ ਨੂੰ ਜਿੱਥੇ ਭਾਰਤ ਦੀਆਂ ਪ੍ਰਸਿੱਧ ਦਸਤਕਾਰੀ ਵਸਤਾਂ, ਅਲੱਗ-ਅਲੱਗ ਖੇਤਰਾਂ ਦੇ ਪਕਵਾਨ ਅਤੇ ਵੱਖਰੇ-ਵੱਖਰੇ ਇਲਾਕਿਆਂ ਦੇ ਲੋਕ ਨਾਚਾਂ ਦਾ ਅਨੰਦ ਮਾਣਨ ਦਾ ਮੌਕਾ ਦਿੱਤਾ ਹੈ, ਉੱਥੇ ਹੀ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਵਲੋਂ ਬਣਾਏ ਸਮਾਨ ਦੀ ਵਿੱਕਰੀ ਦਾ ਵੀ ਮੰਚ ਪ੍ਰਦਾਨ ਕੀਤਾ ਹੈ | ਇਸ ਮੇਲੇ ਵਿਚ 4 ਲੱਖ ਦੇ ਕਰੀਬ ਲੋਕਾਂ ਨੇ ਸ਼ਿਰਕਤ ਕਰਕੇ ਇਸ ਮੇਲੇ ਨੂੰ ਸਫਲ ਬਣਾਇਆ ਹੈ | ਉੱਥੇ ਹੀ ਕਰੀਬ 6.60 ਕਰੋੜ ਰੁਪਏ ਦੇ ਸਾਜੋ ਸਮਾਨ ਦੀ ਵਿੱਕਰੀ ਨੇ ਦਸਤਕਾਰਾਂ ਨੂੰ ਬਾਗ਼ੋ-ਬਾਗ਼ ਕਰ ਦਿੱਤਾ ਹੈ | ਇਸ ਮੌਕੇ ਸਮਾਪਤੀ ਸਮਾਰੋਹ ਸਵੈ-ਸਹਾਇਤਾ ਗਰੁੱਪਾਂ ਵਿਚੋਂ ਸਭ ਤੋਂ ਵੱਧ ਵਿੱਕਰੀ ਕਰਨ ਵਾਲੇ ਗਰੁੱਪਾਂ ਨੂੰ ਸਨਮਾਨਿਤ ਕੀਤਾ | ਪਹਿਲੇ ਨੰਬਰ 'ਤੇ ਪਟਿਆਲਾ ਕਿੰਗ ਆਜੀਵਕਾ ਸਵੈ-ਸਹਾਇਤਾ ਗਰੁੱਪ ਦੀ ਹਰਪ੍ਰੀਤ ਕੌਰ ਰਹੀ | ਜਦਕਿ ਦਸਤਕਾਰਾਂ 'ਚ ਪਹਿਲੇ ਸਥਾਨ ਉੱਪਰ ਸਜਾਦ ਅਹਿਮਦ ਭੱਟ ਰਹੇ, ਜਿਨ੍ਹਾਂ ਨੇ ਕਸ਼ਮੀਰੀ ਸੂਟਾਂ ਦੀ 16.85 ਲੱਖ ਰੁਪਏ ਦੀ ਵਿੱਕਰੀ ਕੀਤੀ |