ਪਟਿਆਲਾ, 5 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸ਼ਹੀਦ ਭਾਈ ਦੀਪ ਸਿੱਧੂ ਦੀ ਪਵਿੱਤਰ ਯਾਦ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਾਗ ਲੈਂਦਿਆਂ ਮਨੁੱਖਤਾ ਦੀ ਸੇਵਾ ਲਈ ਖ਼ੂਨਦਾਨ ਕੀਤਾ | ਕੈਂਪ ਦੌਰਾਨ ਕਈ ਯੂਨਿਟ ਖ਼ੂਨ ਇਕੱਠਾ ਕੀਤਾ ਗਿਆ, ਜੋ ਕਿ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਮਹੱਤਵਪੂਰਨ ਸਾਬਤ ਹੋਵੇਗਾ | ਇਸ ਪਵਿੱਤਰ ਉਪਰਾਲੇ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਸਕੱਤਰ ਜਨਰਲ ਭਾਈ ਮਨਦੀਪ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਦੇ ਨਾਲ ਜ਼ਿਲ੍ਹਾ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਦੇ ਸਰਗਰਮ ਵਰਕਰਾਂ ਨੇ ਵੀ ਸ਼ਿਰਕਤ ਕੀਤੀ | ਸਮਾਗਮ ਦੌਰਾਨ ਸੰਗਤਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਰ ਵਰਗ ਦੇ ਲੋਕਾਂ ਨੇ ਖ਼ੂਨਦਾਨ ਕਰਕੇ ਸਮਾਜਿਕ ਜ਼ਿੰਮੇਵਾਰੀ ਨਿਭਾਈ | ਆਪਣੇ ਸੰਬੋਧਨ ਦੌਰਾਨ ਭਾਈ ਮਨਦੀਪ ਸਿੰਘ ਸਿੱਧੂ ਨੇ ਸਮੂਹ ਸੰਗਤਾਂ, ਨੌਜਵਾਨਾਂ, ਸੇਵਾਦਾਰਾਂ ਅਤੇ ਮੈਡੀਕਲ ਯੂਨਿਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ, ਜੋ ਕਿਸੇ ਅਣਜਾਣ ਮਨੁੱਖ ਦੀ ਜਾਨ ਬਚਾਉਣ ਲਈ ਕੀਤਾ ਜਾਂਦਾ ਹੈ | ਇਸ ਮੌਕੇ ਖ਼ੂਨਦਾਨ ਕੈਂਪ ਲਗਾਉਣ ਵਾਲੀ ਸਮੁੱਚੀ ਟੀਮ ਵਲੋਂ ਭਾਈ ਮਨਦੀਪ ਸਿੰਘ ਸਿੱਧੂ ਅਤੇ ਉਨ੍ਹਾਂ ਨਾਲ ਪਹੁੰਚੀ ਸਮੁੱਚੀ ਟੀਮ ਦਾ ਸਿਰੋਪਾਉ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਦੌਰਾਨ ਸੰਗਤਾਂ ਵਲੋਂ ਭਾਈ ਮਨਦੀਪ ਸਿੰਘ ਸਿੱਧੂ ਦੇ ਸਮਾਜਿਕ ਅਤੇ ਪੰਥਕ ਯੋਗਦਾਨ ਦੀ ਭਰਪੂਰ ਸਰਾਹਨਾ ਵੀ ਕੀਤੀ ਗਈ | ਅੰਤ ਵਿਚ ਸਮੂਹ ਸੰਗਤ ਵਲੋਂ ਸ਼ਹੀਦ ਭਾਈ ਦੀਪ ਸਿੱਧੂ ਨੂੰ ਨਿਮਰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਲਿਆ