ਪਟਿਆਲਾ, 5 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਓ.ਐਸ. ਡੀਜ਼ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ | ਅੱਜ ਇਥੇ 'ਪੰਜਾਬ ਬਚਾਓ ਮੁਹਿੰਮ' ਦੇ ਤਹਿਤ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਲ ਰਲ ਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਭਿ੍ਸ਼ਟ ਲੋਕ ਸਮਝਦੇ ਹਨ ਕਿ ਇਹ ਕੈਨੇਡਾ, ਆਸਟਰੇਲੀਆ ਤੇ ਹੋਰ ਮੁਲਕਾਂ ਵਿਚ ਭੱਜ ਜਾਣਗੇ ਜਿਥੇ ਇਨ੍ਹਾਂ ਗੈਰ ਕਾਨੂੰਨੀ ਪੈਸਾ ਰੱਖਿਆ ਹੈ | ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ | ਜੇਕਰ ਇਹ ਭੱਜ ਵੀ ਗਏ ਤਾਂ ਇਨ੍ਹਾਂ ਨੂੰ ਵਾਪਸ ਲਿਆ ਕੇ ਕਾਨੂੰਨ ਮੁਤਾਬਕ ਇਨ੍ਹਾਂ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਇਆ ਜਾਵੇਗਾ | ਬਾਅਦ ਵਿਚ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੇ ਖਿਲਾਫ ਕਿੱਕਲੀਆਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਨਹੀਂ ਮਿਲਣਾ | ਉਹ ਭਾਵੇਂ ਜਿੰਨੀਆਂ ਮਰਜ਼ੀ ਕਿੱਕਲੀਆਂ ਪਾ ਲੈਣ ਪਰ ਇਸ ਨਾਲ ਉਹ ਪੰਜਾਬੀਆਂ ਦੇ ਗੁੱਸੇ ਤੋਂ ਨਹੀਂ ਬਚ ਸਕਣਗੇ ਜੋ ਉਨ੍ਹਾਂ ਤੋਂ ਹਰ ਮਾਮਲੇ ਵਿਚ ਦਿੱਤੇ ਧੋਖੇ ਦਾ ਹਿਸਾਬ ਲੈਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੀ 500 ਬੰਦਿਆਂ ਦੀ ਪੁਲਿਸ ਸੁਰੱਖਿਆ ਤੋਂ ਬਗੈਰ ਇਕ ਵੀ ਪਿੰਡ ਵਿਚ ਜਾ ਕੇ ਵਿਖਾਉਣ | ਨਾਰਾਜ਼ ਅਕਾਲੀਆਂ ਦੇ ਪਾਰਟੀ ਵਿਚ ਵਾਪਸ ਆਉਣ ਬਾਰੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਸੀ ਮਤਭੇਦ ਭੁਲਾ ਕੇ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ | ਉਨ੍ਹਾਂ ਕਿਹਾ ਕਿ ਇਕੱਲੇ ਰਲ ਕੇ ਅਸੀਂ ਪੰਜਾਬ ਨੂੰ ਦਿੱਲੀ ਦੇ 'ਲੁਟੇਰਿਆਂ' ਤੋਂ ਬਚਾਈਏ ਤੇ ਪੰਜਾਬ ਦਾ ਮਾਣ ਤੇ ਖੁਸ਼ਹਾਲੀ ਮੁੜ ਬਹਾਲ ਕਰੀਏ | ਰੈਲੀ ਵਿਚ ਆਪ ਵਲੋਂ ਦਰਜ ਕੀਤੇ ਝੂਠੇ ਕੇਸਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਅਸੀਂ ਇਕ ਮੌਜੂਦਾ ਜੱਜ ਦੀ ਅਗਵਾਈ ਹੇਠ ਕਮੇਟੀ ਬਣਾਵਾਂਗੇ ਜੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਇਹਨਾਂ ਸਾਰੇ ਝੂਠੇ ਕੇਸਾਂ ਦੀ ਜਾਂਚ ਕਰੇਗੀ | ਉਨ੍ਹਾਂ ਕਿਹਾ ਕਿ ਸਾਰੇ ਝੂਠੇ ਕੇਸ ਖਾਰਜ ਕੀਤੇ ਜਾਣਗੇ ਅਤੇ ਇਹ ਕੇਸ ਦਰਜ ਕਰਵਾਉਣ ਵਾਲੇ ਸਿਆਸੀ ਆਗੂਆਂ ਤੇ ਦਰਜ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 10 ਸਾਲ ਮੁੱਖ ਮੰਤਰੀ ਰਹੇ ਪਰ ਇਕ ਵਾਰ ਵੀ ਉਹ ਪਟਿਆਲਾ ਦਿਹਾਤੀ ਦੇ ਕਿਸੇ ਵਾਰਡ ਜਾਂ ਪਿੰਡ ਵਿਚ ਨਹੀਂ ਆਏ ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਪਿੰਡਾਂ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ | ਉਹਨਾਂ ਨੇ ਇਸ ਮੌਕੇ ਪੰਥਕ ਏਕਤਾ ਦੀ ਅਪੀਲ ਵੀ ਕੀਤੀ ਤੇ ਸਾਰੇ ਅਕਾਲੀਆਂ ਨੂੰ ਵਾਪਸ ਪਾਰਟੀ ਵਿਚ ਪਰਤਣ ਦੀ ਅਪੀਲ ਕੀਤੀ | ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਨਾ ਕਿ ਆਪ ਸਰਕਾਰ ਵਾਂਗੂ ਬਾਹਰਲਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚ ਨਵਾਂ ਨਿਵੇਸ਼ ਲਿਆਵੇਗੀ ਪਰ ਨਾਲ ਹੀ ਸ਼ਰਤ ਰੱਖੇਗੀ ਕਿ ਸਾਰੀਆਂ ਲੱਗਣ ਵਾਲੀਆਂ ਨਵੀਂਆਂ ਇਕਾਈਆਂ ਵਿਚ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ | ਉਨ੍ਹਾਂ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਪਸ਼ੂ ਪਾਲਣ ਫਾਰਮ ਸਥਾਪਿਤ ਕਰਨ ਲਈ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ | ਸ. ਬਾਦਲ ਨੇ ਇਹ ਵੀ ਦੱਸਿਆ ਕਿ ਅਕਾਲੀ ਸਰਕਾਰ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕਰੇਗੀ ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਸਿਖਲਾਈ ਦੇਵੇਗੀ ਅਤੇ ਇਸਦੇ ਸੈਂਟਰ ਹਰ ਜ਼ਿਲ੍ਹੇ ਵਿਚ ਹੋਣਗੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਟਾ ਦਾਲ ਸਕੀਮ ਦਾ ਵਿਸਥਾਰ ਕਰੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ | ਇਸ ਮੌਕੇ ਐਨ.ਕੇ. ਸ਼ਰਮਾ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਗਮੀਤ ਸਿੰਘ ਹਰਿਆਊ, ਕਬੀਰ ਦਾਸ, ਮੱਖਣ ਸਿੰਘ ਲਾਲਕਾ, ਸਰਬਜੀਤ ਸਿੰਘ ਝਿੰਜਰ, ਰਾਜਿੰਦਰ ਸਿੰਘ ਵਿਰਕ, ਅਮਿਤ ਸਿੰਘ ਰਾਠੀ ਤੇ ਅਰਸ਼ਦੀਪ ਸਿੰਘ ਕਲੇਰ ਨੇ ਵੀ ਸੰਬੋਧਨ ਕੀਤਾ¢ ਇਸ ਮੌਕੇ ਮਲਕੀਤ ਸਿੰਘ ਚੀਮਾ, ਬਲਜਿੰਦਰ ਸਿੰਘ ਬੱਲੀ, ਅਮਰਜੀਤ ਸਿੰਘ ਟੋਡਰਪੁਰ, ਅਜੈਬ ਸਿੰਘ ਮੱਲੀ, ਬਲਵਿੰਦਰ ਸਿੰਘ ਦਾਨੀਪੁਰ, ਕੁਲਦੀਪ ਸਿੰਘ ਨੱਸੂਪੁਰ, ਅਮਰਜੀਤ ਸਿੰਘ ਗਰਾਇਆ, ਨਿਸ਼ਾਨ ਸਿੰਘ ਸੰਧੂ, ਸੋਨੂ ਰੰਧਾਵਾ, ਕਸ਼ਮੀਰ ਸਿੰਘ ਸਰਪੰਚ, ਗੁਰਜੰਟ ਸਿੰਘ ਮਵੀ, ਹਰਵਿੰਦਰ ਸਿੰਘ ਬੱਬੂ, ਮਨਮਿੰਦਰ ਬਿੱਲਾ, ਗੁਰਦੀਪ ਸ਼ੇਖੂਪੁਰ, ਗੁਰਸੇਵਕ ਸਿੰਘ ਅਤੇ ਹੋਰ ਵਰਕਰ ਹਾਜਰ ਸਨ |