ਪਟਿਆਲਾ, 11 ਅਪ੍ਰੈਲ (ਅ. ਸ. ਆਹਲੂਵਾਲੀਆ)-ਵਿਸਾਖੀ ਦਿਹਾੜੇ ਨੂੰ ਸਮਰਪਿਤ ਸੁਸ਼ੀਲਾ ਦੇਵੀ ਪਬਲਿਕ ਸਕੂਲ ਵਲੋਂ ਇਕ ਸ਼ਾਨਦਾਰ ਮਿੰਨੀ ਮੈਰਾਥਨ ਕਰਵਾਈ ਗਈ ਜਿਸ ਵਿਚ ਸਕੂਲ ਦੇ ਪਿ੍ੰਸੀਪਲ ਰੇਖਾ ਗੁਪਤਾ, ਉਮੰਗ ਵੈੱਲਫੇਅਰ ਫਾਊਾਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਦੀ ਅਗਵਾਈ ਰਹੀ | ਇਸ ਉਪਰਾਲੇ ਦਾ ਮੁੱਖ ਮਕਸਦ ਬੱਚਿਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸੀ | ਦੱਸਣਯੋਗ ਹੈ ਕਿ ਇਹ ਮੈਰਾਥਨ ਫੈਡਰਲ ਮੁਗਲ ਫ਼ੈਕਟਰੀ ਬਹਾਦਰਗੜ੍ਹ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਮਹਿਮਦਪੁਰ ਵਿਖੇ ਸਮਾਪਤ ਹੋਈ ਜਿਸ ਵਿਚ ਲਗਭਗ 550 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਮੈਰਾਥਨ ਨੂੰ ਹਰੀ ਝੰਡੀ ਦੇਣ ਲਈ ਮੁੱਖ ਮਹਿਮਾਨ ਵਜੋਂ ਮੇਅਰ ਪਟਿਆਲਾ ਕੁੰਦਨ ਗੋਗੀਆ, ਸਕੂਲ ਟਰੱਸਟੀ ਕੁਨਾਲ ਅਗਰਵਾਲ, ਬਲਾਕ ਸੰਮਤੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ, ਡਾਇਰੈਕਟਰ ਐੱਚ.ਆਰ. ਯੋਗੇਸ਼ ਗੁਪਤਾ, ਪਲਾਂਟ ਮੈਨੇਜਰ ਦਲਜੀਤ ਸਿੰਘ ਗੁਜਰਾਲ, ਫੈਡਰਲ ਮੁਗਲ ਦੇ ਐੱਚ.ਆਰ. ਸਮੀਰ ਚਾਂਦੇਲ, ਵੈੱਲਫੇਅਰ ਅਫ਼ਸਰ ਜਗਵਿੰਦਰ ਕੁਮਾਰ, ਪ੍ਰੋਫੈਸਰ ਸਵਿੰਦਰ ਸਿੰਘ, ਸਤਨਾਮ ਸਿੰਘ ਸਨੌਰ, ਐਡਵੋਕੇਟ ਯੋਗੇਸ਼ ਪਾਠਕ ਅਤੇ ਪ੍ਰਭਜੋਤ ਸਿੰਘ ਪੁੰਨੁ ਸਮੇਤ ਹੋਰ ਕਈ ਮਾਣਯੋਗ ਸ਼ਖ਼ਸੀਅਤਾਂ ਅਤੇ ਸਕੂਲ ਸਟਾਫ਼ ਮੌਜੂਦ ਸਨ | ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸੁਸ਼ੀਲਾ ਦੇਵੀ ਸਕੂਲ ਵਲੋਂ ਕਰਵਾਈ ਮੈਰਾਥਨ 'ਚ ਉਮੰਗ ਵੈੱਲਫੇਅਰ ਫਾਊਾਡੇਸ਼ਨ ਅਤੇ ਫੈਡਰਲ ਮੁਗਲ ਦਾ ਵਿਸ਼ੇਸ਼ ਸਹਿਯੋਗ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ | ਇਸ ਦੌਰਾਨ ਗੁਰਦੁਆਰਾ ਮਹਿਮਦਪੁਰ ਦੇ ਮੈਂਬਰ ਭਾਈ ਸੁਰਿੰਦਰ ਸਿੰਘ ਵਲੋਂ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਵੀ ਦਿੱਤੀ ਗਈ | ਉਨ੍ਹਾਂ ਨੇ ਦੱਸਿਆ ਕਿ ਵਿਸਾਖੀ ਸਿਰਫ ਖੁਸ਼ੀ ਦਾ ਤਿਉਹਾਰ ਹੀ ਨਹੀਂ, ਸਗੋਂ ਸਾਡੇ ਸੰਸਕਾਰਾਂ ਅਤੇ ਵਿਰਸੇ ਨਾਲ ਜੁੜਿਆ ਹੋਇਆ ਮਹੱਤਵਪੂਰਨ ਦਿਹਾੜਾ ਹੈ | ਸਕੂਲ ਦੀ ਪਿ੍ੰਸੀਪਲ ਰੇਖਾ ਗੁਪਤਾ ਅਤੇ ਉਮੰਗ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਬੱਚਿਆਂ ਦੀ ਸਿਹਤਮੰਦ ਜੀਵਨਸ਼ੈਲੀ ਲਈ ਅਜਿਹੇ ਖੇਡ ਸਮਾਗਮ ਬਹੁਤ ਜ਼ਰੂਰੀ ਹਨ ਅਤੇ ਭਵਿੱਖ 'ਚ ਵੀ ਸਕੂਲ ਵਲੋਂ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਕਰਵਾਏ ਜਾਣਗੇ | ਉਨ੍ਹਾਂ ਨੇ ਸਾਰੇ ਸਹਿਯੋਗੀ ਸੰਗਠਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਸਮਾਗਮ ਨੇ ਨਾ ਸਿਰਫ ਬੱਚਿਆਂ 'ਚ ਖੇਡਾਂ ਪ੍ਰਤੀ ਰੁਚੀ ਵਧਾਈ, ਸਗੋਂ ਸਮਾਜ 'ਚ ਸਿਹਤਮੰਦ ਜੀਵਨ ਜਿਊਣ ਦਾ ਸੰਦੇਸ਼ ਵੀ ਦਿੱਤਾ |