ਭਾਦਸੋਂ, 11 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ ਕਿ ਪੰਜਾਬ ਵਿਚ ਦਿਨ ਦਿਹਾੜੇ ਗੁੰਡਾਗਰਦੀ, ਗੈਂਗਵਾਰ, ਚੋਰੀਆਂ ਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਰਾਜ ਕੋਈ ਵੀ ਸੁਰੱਖਿਅਤ ਨਹੀਂ ਹੈ, ਪੰਜਾਬ 'ਚ ਸਰਕਾਰ ਨਾਮ ਦਾ ਕੋਈ ਵੀ ਚੀਜ਼ ਨਹੀਂ ਹੈ | ਉਨ੍ਹਾਂ ਆਖਿਆ ਕਿ ਪੰਜਾਬ 'ਚ ਜਲਦੀ ਤੋਂ ਜਲਦੀ ਚੋਣਾਂ ਕਰਵਾਈਆਂ ਜਾਣ ਜਾਂ ਗਵਰਨਰੀ ਰਾਜ ਲਗਾਇਆ ਜਾਵੇ | ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਰਾਹੀਂ ਝੂਠੀਆਂ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋਏ ਉਨ੍ਹਾਂ ਆਖਿਆ ਕਿ ਪੰਜਾਬ ਵਿਚਲੇ ਸਰਕਾਰੀ ਅਧਿਆਪਕਾਂ ਨੂੰ ਗੈਰ ਵਿੱਦਿਅਕ ਡਿਊਟੀਆਂ ਲਗਾ ਕੇ ਸਕੂਲਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੰਤਰੀ ਤੇ ਵਿਧਾਇਕ ਲੋਕਾਂ ਨਾਲ ਸਰਾਸਰ ਧੱਕੇਸ਼ਾਹੀ ਕਰਕੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ | ਆਮ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਉਪਲਬਧ ਹੋ ਰਹੀ | ਲਾਲਕਾ ਨੇ ਕਿਹਾ ਕਿ ਮੁਲਾਜਮਾਂ ਨੂੰ ਡੀ.ਏ. ਦੀ ਕਿਸ਼ਤ ਲਈ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜਕਾ ਕੇ ਕਿਸ਼ਤ ਜਾਰੀ ਕਰਨ ਦੀਆਂ ਹਦਾਇਤਾਂ ਜਾਰੀ ਕਰਵਾਈਆਂ ਗਈਆਂ ਹਨ | ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਮੰਡੀਆਂ ਵਿਚਲੇ ਪ੍ਰਬੰਧ ਵੀ ਪੁਖ਼ਤਾ ਦਿਖਾਈ ਨਹੀਂ ਦੇ ਰਹੇ | ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਨੂੰ ਵੇਖ ਕੇ 'ਆਪ' ਵਿਰੋਧੀਆਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ ਤੇ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ |