ਪਟਿਆਲਾ, 8 ਮਈ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਢਿੱਲੀ ਮੱਠੀ ਕਾਰਵਾਈ ਤੋਂ ਉਤਸ਼ਾਹਿਤ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ | ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੇ ਨਾਲ ਨਾਲ ਰਾਜਿੰਦਰਾ ਹਸਪਤਾਲ ਵਾਲੀ ਸੜਕ ਉਪਰ ਅੱਧਾ ਦਰਜਨ ਨਵੇਂ ਖੋਖੇ ਰੱਖ ਅਤੇ ਬਾਂਸ ਆਦਿ ਨਾਲ ਖੋਖੇ ਬਣਾ ਕੇ ਸਰਕਾਰੀ ਜਗ੍ਹਾ ਉਪਰ ਕਬਜ਼ੇ ਕੀਤੇ ਜਾ ਰਹੇ ਹਨ | ਦੱਸਣਯੋਗ ਹੈ ਕਿ ਇਸ ਸੜਕ ਉਪਰ ਭਾਰੀ ਵਾਹਨਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ | ਜਿਸ ਕਾਰਨ ਇਥੇ ਪਹਿਲਾਂ ਵੀ ਮੈਡੀਕਲ ਕਾਲਜ ਦੇ ਵਿਦਿਆਰਥੀ ਵਾਹਨਾਂ ਦੀ ਲਪੇਟ ਵਿਚ ਆ ਕੇ ਜਾਨ ਗਵਾ ਚੁੱਕੇ ਹਨ | ਸੜਕਾਂ ਤੱਕ ਲਗਾਏ ਜਾ ਰਹੇ ਖੋਖਿਆਂ ਅੱਗੇ ਖੜਦੇ ਵਾਹਨਾਂ ਅੱਗੋਂ ਲੰਘਣ ਦੀ ਕੋਸ਼ਿਸ਼ ਕਰਦਿਆਂ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਆਮ ਦਿੱਖ ਰਹੇ ਹਨ | ਦੂਜੇ ਪਾਸੇ ਨਿਗਮ ਅਧਿਕਾਰੀ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ੇ ਹਟਾ ਲੈਣ ਦੇ ਦਮਗਜੇ ਮਾਰਦੇ ਨਹੀਂ ਥੱਕ ਰਹੇ | ਨਿਕ-ਸੁਕ ਕਾਰਵਾਈ ਕਰ ਬੁੱਤਾ ਸਾਰਨ ਵਾਲੀ ਬੈਂਡ ਸ਼ਾਖਾ ਦੇ ਅਧਿਕਾਰੀਆਂ ਦੀ ਚੁੱਪੀ ਵੀ ਕਈ ਤਰ੍ਹਾਂ ਦੇ ਭੰਬਲਭੂਸੇ ਪੈਦਾ ਕਰ ਰਹੀ ਹੈ | ਆਖਿਰ ਸੜਕਾਂ 'ਤੇ ਖੜੀਆਂ ਰੇਹੜੀਆਂ ਨੂੰ ਚੁੱਕਣ ਵਾਲੇ ਸਰਕਾਰੀ ਜਗ੍ਹਾ ਉੱਤੇ ਹੋ ਰਹੇ ਕਬਜ਼ਿਆਂ ਨੂੰ ਦੇਖ ਚੁੱਪ ਕਿਉਂ ਹਨ | ਇਸ ਸੰਬੰਧੀ ਲੈਂਡ ਸ਼ਾਖਾ ਮੁਖੀ ਦਰਪਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਕਦਮ ਇਨ੍ਹਾਂ ਕਬਜ਼ਿਆਂ ਤੇ ਹੈਰਾਨੀ ਪ੍ਰਗਟਾਈ ਅਤੇ ਸੋਮਵਾਰ ਤੱਕ ਕਾਰਵਾਈ ਦੀ ਗੱਲ ਆਖੀ |