ਪਟਿਆਲਾ, 8 ਜੂਨ (ਮਨਦੀਪ ਸਿੰਘ ਖਰੌੜ)-ਪਿਛਲੇ ਦਿਨੀਂ ਮੁਹਾਲੀ ਦੇ 66 ਸੈਕਟਰ 'ਚ ਇਕ ਕੰਪਨੀ ਦੇ ਦਫ਼ਤਰ 'ਚ ਨੌਜਵਾਨ ਵਲੋਂ ਕੁਮਾਰੀ ਡਿੰਪਲ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਜੀਨ ਗਰ ਸਮਾਜ ਵਲੋਂ ਪਟਿਆਲਾ ਦੇ ਤੋਪਖ਼ਾਨਾ ਮੋੜ 'ਤੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ | ਇਸ ਦੌਰਾਨ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਵਿਚ ਹੁਣ ਲੜਕੀਆਂ ਦਫ਼ਤਰਾਂ 'ਚ ਵੀ ਸੁਰੱਖਿਅਤ ਨਹੀਂ ਰਹੀਆਂ | ਜੇਕਰ ਇਕ ਕੰਪਨੀ 'ਚ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਬਾਹਰ ਤਾਂ ਲੜਕੀਆਂ ਨਾਲ ਕੁੱਝ ਵੀ ਹੋ ਸਕਦਾ ਹੈ | ਇਸ ਸੰਬੰਧੀ ਉਨ੍ਹਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਉਨ੍ਹਾਂ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਨ ਦੇ ਨਾਲ ਜਿਸ ਕੰਪਨੀ ਵਿਚ ਇਹ ਮਾਮਲਾ ਹੋਇਆ ਸੀ ਉਸ ਕੰਪਨੀ ਨੂੰ ਬਲੈਕ ਲਿਸਟ ਕਰਨ ਦੀ ਮੰਗ ਕੀਤੀ ਗਈ | ਇਸ ਦੌਰਾਨ ਸਮੂਹ ਜੀ ਨਗਰ ਸਮਾਜ ਦੇ ਓਮ ਪ੍ਰਕਾਸ਼ ਬਾਗੜੀ, ਬਲਵੰਤ ਰਾਏ ਖੱਤਰੀ, ਨੱਥੂ ਰਾਮ ਖੱਤਰੀ, ਸ਼ੰਕਰ ਲਾਲ, ਅਮਰ ਚੰਦ ਡਾਬੀ, ਰਾਜ ਕੁਮਾਰ ਖੱਤਰੀ, ਸਰਸਵਤੀ ਦੇਵੀ, ਅਸ਼ੋਕ ਕੁਮਾਰ ਖੱਤਰੀ ਤੇ ਰਾਹੁਲ ਖੱਤਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਵਿਅਕਤੀ ਮੌਜੂਦ ਸਨ |