ਪਟਿਆਲਾ, 8 ਜੂਨ (ਕੁਲਵੀਰ ਸਿੰਘ ਧਾਲੀਵਾਲ)-ਸ਼ਾਂਤਮਈ ਧਰਨੇ 'ਤੇ ਬੈਠੇ ਬਿਜਲੀ ਬੋਰਡ ਦੇ ਬੇਰੁਜ਼ਗਾਰ ਮੁਲਾਜਮਾਂ 'ਤੇ ਅੰਨ੍ਹੇਵਾਹ ਲਾਠੀਚਾਰਜ ਕਰਕੇ ਸਰਕਾਰ ਨੇ ਤਾਨਾਸ਼ਾਹ ਦਾ ਰਵੱਈਆ ਅਪਣਾਇਆ ਹੈ | ਇਹ ਵਿਚਾਰ ਕੁਲਵਿੰਦਰ ਸਿੰਘ ਲਵਲੀ ਜਰਨਲ ਸਕੱਤਰ ਅਤੇ ਮੁੱਖ ਬੁਲਾਰਾ ਪੁਨਰ ਸੁਰਜੀਤ ਅਕਾਲੀ ਦਲ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਮਿਲਣ ਉਪਰੰਤ ਕਹੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਵਿਰੋਧੀ ਸਰਕਾਰ ਹੈ, ਪੰਜਾਬ ਦੇ ਹਰ ਵਿਭਾਗ ਵਿਚ ਮੁਲਾਜਮਾਂ ਨਾਲ ਧੱਕਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਸਫ਼ਾਈ ਸੇਵਕਾਂ ਦੀ ਸੁਣਵਾਈ ਨਹੀਂ ਹੋ ਰਹੀ | ਪੰਜਾਬੀ ਯੂਨੀਵਰਸਿਟੀ ਵਿਚ ਐਡਹਾਕ ਅਤੇ ਦੱਸ ਸਾਲ ਤੋਂ ਉੱਪਰ ਕੰਮ ਕਰ ਰਹੇ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਇਹ ਸਰਕਾਰ ਮੁਲਾਜਮਾਂ ਦੇ ਖ਼ਿਲਾਫ਼ ਹੈ ਇਸ ਨੂੰ ਬਦਲਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਭਗਤ ਸਿੰਘ ਦਾ ਨਾਮ ਵਰਤ ਕੇ ਸਿਆਸੀ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਵੱਧ ਰਿਹਾ ਹੈ ਅਤੇ ਇਸ ਵਿਚੋਂ ਹੋਰ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਪੈਦਾ ਹੋ ਰਹੀਆਂ ਹਨ | ਇਸ ਮੌਕੇ ਦੀਪਕ ਸਹਿਗਲ ਮੀਤ ਪ੍ਰਧਾਨ, ਅਮਰਜੀਤ ਸਿੰਘ ਲਾਂਬਾ ਸਕੱਤਰ, ਜਸਬੀਰ ਸਿੰਘ ਉਬਰਾਏ, ਅਮਰਜੀਤ ਸਿੰਘ ਚੋਪੜਾ, ਰਾਜੂ ਡਾਂਗ, ਰਕੇਸ਼, ਈਸ਼ਵਰ ਆਦਿ ਮੌਜੂਦ ਸਨ |