06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਭਗਵੰਤ ਮਾਨ ਸਰਕਾਰ ਦੀ ਨਾਕਾਮੀ ਡਰੇਨੇਜ਼ ਵਿਭਾਗ ਦੀ ਲਾਪਰਵਾਹੀ ਅਤੇ ਸਿਹਤ ਵਿਭਾਗ ਦੀ ਚੁੱਪੀ ਕਾਰਨ ਨਾਭਾ ਦੇ ਪਿੰਡਾਂ ਅਤੇ ਕਾਲੋਨੀਆਂ ਨੂੰ ਗੰਦਗੀ ਦੇ ਹਵਾਲੇ ਕਰ ਦਿੱਤਾ ਗਿਆ : ਪਰਮਜੀਤ ਸਿੰਘ ਕੈਂਥ ਕਿਹਾ, ਗੰਦੇ ਪਾਣੀ ਤੇ ਜਾਮ ਡਰੇਨਾਂ ਨਾਲ ਲੋਕ ਪ੍ਰੇਸ਼ਾਨ, ਸਰਕਾਰ ਅਤੇ ਪ੍ਰਸ਼ਾਸਨ ਸੁੱਤੇ ਪਏ ਹਨ

Ad Position 21
No active advertisement
ਅਜੀਤ ਡੈਸਕ 23-06-2026
ਨਾਭਾ, 22 ਜੂਨ (ਵਰਿੰਦਰ ਵਰਮਾ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਭਗਵੰਤ ਮਾਨ ਸਰਕਾਰ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਦੀ ਨਾਕਾਮੀ ਅਤੇ ਡਰੇਨੇਜ ਵਿਭਾਗ, ਸਿਹਤ ਵਿਭਾਗ, ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਘੋਰ ਲਾਪਰਵਾਹੀ ਕਾਰਨ ਨਾਭਾ ਅਤੇ ਇਸਦੇ ਆਸ-ਪਾਸ ਦੇ ਪਿੰਡਾਂ ਅਤੇ ਕਲੋਨੀਆਂ ਨੂੰ ਗੰਦਗੀ, ਪ੍ਰਦੂਸ਼ਣ ਅਤੇ ਸਿਹਤ ਸੰਕਟ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੈਂਥ ਨੇ ਕਿਹਾ ਕਿ ਕਰਤਾਰ ਕਾਲੋਨੀ, ਗੁਰੂ ਤੇਗ ਬਹਾਦਰ ਨਗਰ, ਬਲਦੇਵ ਨਗਰ, ਆਸ਼ਾ ਕਾਲੋਨੀ, ਡਿਫੈਂਸ ਕਾਲੋਨੀ, ਅਲੌਹਰਾਂ ਕਲਾਂ, ਅਲੌਹਰਾਂ ਖੁਰਦ, ਭੱਜੋਮਾਜਰੀ, ਗੋਬਿੰਦਗੜ੍ਹ ਛੰਨਾ ਅਤੇ ਹੋਰ ਖੇਤਰਾਂ ਵਿਚੋਂ ਲੰਘਣ ਵਾਲੇ ਡਰੇਨ ਅੱਜ ਗੰਦਗੀ ਦੇ ਅੱਡੇ ਬਣ ਚੁੱਕੇ ਹਨ। ਡਰੇਨਾਂ ਵਿਚ ਖੜ੍ਹਾ ਗੰਦਾ ਪਾਣੀ, ਫੈਲੀ ਬਦਬੂ ਅਤੇ ਕੂੜਾ-ਕਰਕਟ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਥਿਤੀ ਕਿਸੇ ਕੁਦਰਤੀ ਆਫ਼ਤ ਦਾ ਨਤੀਜਾ ਨਹੀਂ, ਸਗੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਅਸਫਲਤਾ ਦਾ ਸਿੱਧਾ ਸਬੂਤ ਹੈ। ਕਰੋੜਾਂ ਰੁਪਏ ਦੇ ਬਜਟ ਅਤੇ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਡਰੇਨਾਂ ਦੀ ਸਮੇਂ ਸਿਰ ਸਫ਼ਾਈ ਅਤੇ ਰੱਖ-ਰਖਾਅ ਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੀ ਚੁੱਪੀ ਹੋਰ ਵੀ ਚਿੰਤਾਜਨਕ ਹੈ। ਪ੍ਰਭਾਵਿਤ ਖੇਤਰਾਂ ਦੇ ਲੋਕ ਪੀਲੀਆ, ਡੇਂਗੂ, ਮਲੇਰੀਆ ਅਤੇ ਪਾਣੀ ਤੋਂ ਫੈਲਣ ਵਾਲੀਆਂ ਹੋਰ ਬਿਮਾਰੀਆਂ ਦੇ ਖਤਰੇ ਹੇਠ ਜੀਵਨ ਬਿਤਾ ਰਹੇ ਹਨ ਪਰ ਸੰਬੰਧਿਤ ਵਿਭਾਗ ਕੋਈ ਠੋਸ ਕਦਮ ਚੁੱਕਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਡਰੇਨੇਜ ਵਿਭਾਗ, ਸਿਹਤ ਵਿਭਾਗ, ਨਗਰ ਕੌਂਸਲ, ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਂਝੀ ਟੀਮ ਤੁਰੰਤ ਮੌਕੇ ਦਾ ਦੌਰਾ ਕਰੇ, ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾਏ ਅਤੇ ਆਪਣੀ ਵਿਸਥਾਰਪੂਰਵਕ ਰਿਪੋਰਟ ਜਨਤਕ ਕਰੇ।ਪਰਮਜੀਤ ਸਿੰਘ ਕੈਂਥ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਕਾਰਵਾਈ ਨਾ ਕੀਤੀ ਗਈ ਤਾਂ ਭਾਰਤੀ ਜਨਤਾ ਪਾਰਟੀ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਵਿਆਪਕ ਜਨ ਸੰਘਰਸ਼ ਸ਼ੁਰੂ ਕਰੇਗੀ ਅਤੇ ਇਸ ਮੁੱਦੇ ਨੂੰ ਪੰਜਾਬ ਭਰ ਵਿਚ ਭਗਵੰਤ ਸਿੰਘ ਮਾਨ ਸਰਕਾਰ ਦੀ ਨਾਕਾਮੀ ਅਤੇ ਲੋਕ ਵਿਰੋਧੀ ਨੀਤੀਆਂ ਦੀ ਮਿਸਾਲ ਵਜੋਂ ਉਠਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਟ੍ਰੇਡਰਜ਼ ਕਮਿਸ਼ਨ ਵਲੋਂ ਸਾਹਮਣੇ ਲਿਆਂਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਵਚਨਬੱਧ- ਅਨੁਪ੍ਰਿਤਾ ਜੌਹਲ ਵਪਾ... ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਪਿੰਡ ਸੋਜਾਂ ਵਿਖੇ ਕੀਤੀ ਲੋਕ ਮਿਲਣੀ, ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
Ad Position 24
No active advertisement