ਰਾਜਪੁਰਾ, 11 ਜੁਲਾਈ (ਰਣਜੀਤ ਸਿੰਘ)-ਬੀਤੇ ਕੱਲ੍ਹ ਹੋਈ ਬਾਰਿਸ਼ ਕਾਰਨ ਹਲਕੇ ਵਿਚ ਕਿਤੇ ਖੁਸ਼ੀ ਕਿਤੇ ਗਮ ਵਾਲਾ ਮਾਹੌਲ ਬਣਿਆ ਪਿਆ ਹੈ। ਸਬ ਡਵੀਜਨ ਦੇ ਪਿੰਡਾਂ ਵਿਚ ਕਈਆਂ ਥਾਵਾਂ ’ਤੇ ਘੱਗਰ ਦੇ ਪਾਣੀ ਨੇ ਆਪਣਾ ਵਿਰਾਟ ਰੂਪ ਵਿਖਾਇਆ ਹੈ ਅਤੇ ਕਈ ਪਿੰਡਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ ਉਥੇ ਹੀ ਪਹਿਲੀ ਭਰਵੀਂ ਬਾਰਿਸ਼ ਹੋਣ ਕਾਰਨ ਖੇਤਾਂ ਵਿਚ ਪਾਣੀ ਭਰ ਗਿਆ ਹੈ ਤੇ ਕਿਸਾਨ ਆਪਣੇ ਖੇਤਾਂ ਵਿਚ ਝੋਨਾ ਲਾ ਰਹੇ ਹਨ। ਇਹ ਬਾਰਿਸ਼ ਝੋਨੇ ਦੀ ਫਸਲ ਲਈ ਦੇਸੀ ਘਿਉ ਦਾ ਕੰਮ ਕਰੇਗੀ ਅਤੇ ਇਸ ਦੇ ਨਾਲ ਹੀ ਇਹ ਬਾਰਿਸ਼ ਹਰੇ ਚਾਰੇ ਤੇ ਸਬਜੀਆਂ ਲਈ ਵੀ ਲਾਹੇਵੰਦ ਸਾਬਤ ਹੋਈ ਹੈ। ਜਾਣਕਾਰੀ ਮੁਤਾਬਿਕ ਹੁਣੇ ਹੋਈ ਬਾਰਿਸ਼ ਨੇ ਖੇਤਾਂ ਵਿਚ ਜਾਨ ਫੂਕ ਦਿੱਤੀ ਹੈ। ਝੋਨੇ ਦੀ ਲਵਾਈ ਵਿਚ ਇਕ ਦਮ ਤੇਜ਼ੀ ਆ ਗਈ ਹੈ। ਇਸ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਪਰਤ ਆਈ ਹੈ। ਲੰਮੇ ਸਮੇਂ ਤੋਂ ਖੁਸ਼ਕੀ ਤੇ ਗਰਮ ਮੌਸਮ ਦਾ ਸੰਤਾਪ ਝੱਲ ਰਹੇ ਕਿਸਾਨਾਂ ਲਈ ਇਹ ਵਰਦਾਨ ਸਾਬਤ ਹੋਈ ਹੈ ਇਸ ਬਾਰਿਸ਼ ਤੋਂ ਬਾਅਦ ਇਕ ਦਮ ਲੇਬਰ ਦੀ ਵੀ ਘਾਟ ਮਹਿਸੂਸ ਹੋ ਰਹੀ ਹੈ। ਇਸ ਸੰਬੰਧੀ ਕਿਸਾਨ ਮਨਦੀਪ ਸਿੰਘ, ਕਸ਼ਮੀਰ ਸਿੰਘ, ਚੌਧਰੀ ਸੰਜੂ, ਰਣਧੀਰ ਸਿੰਘ ਨੰਬਰਦਾਰ, ਸੁਖਪਾਲ ਸਿੰਘ ਪਾਲਾ, ਜੱਗਾ ਨਨਹੇੜਾ ਤੇ ਹੋਰਨਾਂ ਨੇ ਕਿਹਾ ਕਿ ਝੋਨੇ ਦੀ ਫਸਲ ਲਈ ਇਹ ਬਾਰਿਸ਼ ਅ੍ਰੰਮਿਤ ਸਾਬਤ ਹੋਈ ਹੈ। ਜਿਹੜੇ ਕਿਸਾਨਾਂ ਨੇ ਅਗੇਤਾ ਝੋਨਾ ਲਾਇਆ ਵੀ ਸੀ ਉਹ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਝੋਨੇ ਦੀ ਫਸਲ ਪਾਲ ਰਹੇ ਹਨ ਤੇ ਕਈਆਂ ਥਾਵਾਂ ’ਤੇ ਬਿਜਲੀ ਦੇ ਕੱਟਾਂ ਦਾ ਸਾਹਮਣਾ ਵੀ ਕੀਤਾ ਹੈ ਪਰ ਹੁਣ ਇਸ ਬਾਰਿਸ਼ ਕਾਰਨ ਇਕ ਦਮ ਕੁਦਰਤੀ ਪਾਣੀ ਮਿਲ ਗਿਆ ਹੈ। ਜਿਹੜੇ ਕਿਸਾਨਾਂ ਨੇ ਹਾਲੇ ਝੋਨਾ ਨਹੀਂ ਲਾਇਆ ਸੀ ਉਨ੍ਹਾਂ ਨੂੰ ਕਦਰਤੀ ਪਾਣੀ ਮਿਲਣ ਕਾਰਨ ਉਨ੍ਹਾਂ ਨੇ ਖੇਤ ਕੱਦੂ ਕਰਕੇ ਝੋਨੇ ਲਈ ਤਿਆਰ ਕਰ ਲਏ ਹਨ। ਇਸ ਦੇ ਨਾਲ ਹੀ ਇਹ ਬਾਰਿਸ਼ ਹਰੀਆਂ ਸਬਜ਼ੀਆਂ ਤੇ ਹਰੇ ਚਾਰੇ ਲਈ ਵੀ ਸੰਜੀਵਨੀ ਸਾਬਤ ਹੋਈ ਹੈ। ਇਸ ਦੇ ਨਾਲ ਹੀ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਕਈ ਪਿੰਡਾਂ ਦੇ ਲੋਕਾਂ ਅੰਦਰ ਮਾਮੂਲੀ ਸਹਿਮ ਪੈਦਾ ਹੋ ਗਿਆ ਹੈ। ਕੁਲ ਮਿਲਾ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਾਰਿਸ਼ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਘੱਗਰ ਦਰਿਆ ਦੇ ਨੇੜੇ ਤੇੜੇ ਬੰਨਾਂ ’ਤੇ ਚੌਕਸੀ ਰੱਖੀ ਜਾਵੇ। ਕੁੱਲ ਮਿਲਾ ਕੇ ਮੌਨਸੂਨ ਦੀ ਪਹਿਲੀ ਬਾਰਿਸ਼ ਪੰਜਾਬ ਦੀ ਕਿਸਾਨੀ ,ਆਰਥਿਕਤਾ ਤੇ ਹਰਿਆਵਲ ਲਈ ਬੇਹੱਦ ਸ਼ੁੱਭ ਸੰਕੇਤ ਲੈ ਕੇ ਆਈ ਹੈ।