07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਡੀ. ਸੀ. ਵਲੋਂ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਦਾ ਜਾਇਜ਼ਾ

Ad Position 21
No active advertisement
ਅਜੀਤ ਡੈਸਕ 12-07-2026
ਪਟਿਆਲਾ, 11 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਮੌਨਸੂਨ ਸੀਜ਼ਨ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਿਆਪਕ ਉਪਾਵਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸੰਭਾਵੀ ਪਾਣੀ ਆਉਣ ਵਾਲੇ ਖੇਤਰਾਂ ਬਾਬਤ ਡਰੇਨੇਜ ਸਮੇਤ ਹੋਰ ਵਿਭਾਗਾਂ ਵਲੋਂ ਬਣਾਈ ਰਣਨੀਤੀ ਦਾ ਮੁਲਾਂਕਣ ਕੀਤਾ। ਇਸ ਮੌਕੇ ਉਨ੍ਹਾਂ ਨੇ ਸਮੂਹ ਵਿਭਾਗਾਂ ਦੀ ਹੜ੍ਹਾਂ ਬਾਬਤ ਤਿਆਰੀ ਦਾ ਜਾਇਜ਼ਾ ਲੈਂਦਿਆਂ ਪਟਿਆਲਾ ਨਗਰ ਨਿਗਮ, ਸਮੂਹ ਐਸ. ਡੀ. ਐਮਜ਼ ਤੇ ਸਾਰੇ ਕਾਰਜ ਸਾਧਕ ਅਫ਼ਸਰਾਂ ਨੂੰ ਵੀ ਆਪਣੇ ਖੇਤਰਾਂ ‘ਚ ਸਾਰੀ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਮੁਸਤੈਦ ਰੱਖਣ ਲਈ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਹੜ੍ਹ ਸੁਰੱਖਿਆ ਕਾਰਜਾਂ ‘ਚ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਸੀਨੀਅਰ ਅਧਿਕਾਰੀਆਂ ਵੱਲੋਂ ਇਨ੍ਹਾਂ ਕਾਰਜਾਂ ਦਾ ਅਚਨਚੇਤ ਨਿਰੀਖਣ ਵੀ ਕੀਤਾ ਜਾਵੇਗਾ ਤੇ ਕਿਸੇ ਵੀ ਕੁਤਾਹੀ ਦਾ ਸਖ਼ਤ ਨੋਟਿਸ ਲਿਆ ਜਾਵੇਗਾ। ਡਾ. ਹਿਮਾਂਸ਼ੂ ਅਗਰਵਾਲ ਨੇ ਡਰੇਨੇਜ ਵਿਭਾਗ ਵਲੋਂ ਕੀਤੀ ਗਈ ਜ਼ਮੀਨੀ ਪੱਧਰ ‘ਤੇ ਤਿਆਰੀ ‘ਤੇ ਨਾਸੰਤੁਸ਼ਟੀ ਵਿਖਾਈ ਤੇ ਕਿਹਾ ਕਿ ਹੜ੍ਹ ਸੁਰੱਖਿਆ ਕਾਰਜਾਂ ਵਿਚ ਕੋਈ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਡਰੇਨਾਂ, ਨਦੀਆਂ, ਨਾਲਿਆਂ ਦੀ ਸਫ਼ਾਈ ਸੰਬੰਧੀ ਕਾਰਜਾਂ ਦਾ ਆਡਿਟ ਕੀਤਾ ਜਾਵੇਗਾ। ਵਿਭਾਗ ਨੇ ਦੱਸਿਆ ਕਿ ਉਸ ਨੇ ਵੱਡੀ ਨਦੀ ਦੀ ਸਫ਼ਾਈ ਮੁਕੰਮਲ ਕਰ ਲਈ ਹੈ ਜਦਕਿ ਪਾਣੀ ਨਾਲ ਰੁੜ ਕੇ ਆਉਣ ਵਾਲੀ ਜਲਬੂਟੀ ਤੇ ਹੋਰ ਰੁਕਾਵਟਾਂ ਨੂੰ ਵੀ ਮੌਕੇ ‘ਤੇ ਦੂਰ ਕਰਨ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਡਿਪਟੀ ਕਮਿਸ਼ਨਰ ਨੂੰ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਕਾਸ਼ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਖਾਲੀ ਈਸੀ ਬੈਗਾਂ ਦੀ ਖਰੀਦ ਨੂੰ ਯਕੀਨੀ ਬਣਾਇਆ ਹੈ ਅਤੇ ਖਾਲੀ ਥੈਲੇ ਲੋੜੀਂਦੀ ਗਿਣਤੀ ਵਿਚ ਪਹਿਲਾਂ ਹੀ ਮਿੱਟੀ ਨਾਲ ਭਰਕੇ ਘੱਗਰ ਸਮੇਤ ਹੋਰ ਨਦੀਆਂ ਦੀਆਂ ਨਾਜ਼ੁਕ ਥਾਵਾਂ ‘ਤੇ ਰੱਖੇ ਜਾ ਰਹੇ, ਜਦਕਿ ਹੋਰ ਵਾਧੂ ਖਾਲੀ ਬੈਗ ਵੀ ਤੁਰੰਤ ਲੋੜ ਪੈਣ ਵਾਲੇ ਰਣਨੀਤਕ ਖੇਤਰਾਂ ਨੇੜੇ ਭੰਡਾਰ ਕੀਤੇ ਗਏ ਹਨ। ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਦੇ ਤੁਰੰਤ ਟਾਕਰੇ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਇਕ ਵਟਸਐਪ ਨੰਬਰ ਜਾਰੀ ਕੀਤਾ ਜਾਵੇਗਾ, ਜਿਸ ‘ਤੇ ਲੋਕ ਆਪਣੇ ਖੇਤਰ ਵਿਚ ਆਉਣ ਵਾਲੇ ਪਾਣੀ ਜਾਂ ਪਾਣੀ ਖੜ੍ਹਾ ਹੋਣ ਸਬੰਧੀ ਕਿਸੇ ਵੀ ਸਮੱਸਿਆ ਦੀ ਸੂਚਨਾ, ਫੋਟੋ ਜਾਂ ਵੀਡੀਓ ਮੈਸੇਜ ਰਾਹੀਂ ਲੋਕੇਸ਼ਨ ਸਮੇਤ ਸਾਂਝੀ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਇਸ ਮਹੀਨੇ ਪਾਣੀ ਖੜ੍ਹਨ ਵਾਲੇ ਹੌਟਸਪੌਟਸ ਦੀ ਪਛਾਣ ਕਰਕੇ ਪਾਣੀ ਦੀ ਨਿਕਾਸੀ ਨੂੰ ਤਰਜੀਹ ਦੇਣ ਸਮੇਤ ਸੀਵਰੇਜ ਦੀ ਗਾਰ ਕੱਢਣ ਦਾ ਕੰਮ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਪਾਸੋਂ ਬੋਟਸ, ਰੱਸੇ, ਵੱਡੀਆਂ ਟਾਰਚਾਂ, ਐਮਰਜੈਂਸੀ ਸਥਿਤੀ ਵਿੱਚ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ, ਪਸ਼ੂਆਂ ਲਈ ਚਾਰਾ, ਤਰਪਾਲਾਂ, ਦਵਾਈਆਂ ਆਦਿ ਸਮੇਤ ਹੋਰ ਜ਼ਰੂਰੀ ਪ੍ਰਬੰਧਾਂ ਬਾਬਤ ਵੀ ਜਾਇਜ਼ਾ ਲਿਆ ਤੇ ਸਾਰੇ ਕੰਮ ਪੂਰੇ ਕਰਕੇ ਰਿਪੋਰਟ ਭੇਜੀ ਜਾਵੇ। ਡਾ. ਹਿਮਾਂਸ਼ੂ ਅਗਰਵਾਲ ਨੇ ਪਟਿਆਲਾ ਵੱਡੀ ਨਦੀ, ਸਮਾਣਾ-ਪਾਤੜਾਂ ਵਿਖੇ ਘੱਗਰ ਨੇੜੇ ਤੇ ਬਾਦਸ਼ਾਹਪੁਰ, ਰਾਜਪੁਰਾ ਵਿਖੇ ਪੱਚੀਦਰਾ-ਐਸਵਾਈਐਲ, ਸਰਾਲਾ ਖੁਰਦ (ਸਰਾਲਾ ਸਾਈਫਨ, ਘੱਗਰ, ਘਨੌਰ), ਰੋਹੜ ਜਗੀਰ, ਮੋਹਲਗੜ੍ਹ ਤੇ ਬੀਬੀਪੁਰ ਵਿਖੇ ਬਚਾਅ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਡਰੇਨੇਜ ਵਿਭਾਗ ਦੇ ਮੁੱਖ ਢਾਂਚਾਗਤ ਕੰਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਐਸ. ਡੀ. ਐਮਜ਼, ਡੀ. ਆਰ. ਓ. ਦਿਵਿਯਾ ਸਿੰਗਲਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਹਰਿੰਦਰ ਸਿੰਘ ਵਿਰਕ ਵਲੋਂ ਇੰਚਾਰਜ ਭੁਪੇਸ਼ ਬਘੇਲ ਤੇ ਪ੍ਰਧਾਨ ਵੜਿੰਗ ਨਾਲ ਮੁਲਾਕਾਤ ਅਗਲੀ ਖ਼ਬਰ ਸ਼ਹੀਦ ਜਸਵੰਤ ਸਿੰਘ ਖਾਲੜਾ ’ਤੇ ਬਣੀ ਫ਼ਿਲਮ ‘ਸਤਲੁਜ’ ਦਿਖਾਈ ਜਾਵੇਗੀ ਪਿੰਡ ਪਿੰਡ- ਮਵੀ
Ad Position 24
No active advertisement