ਪਟਿਆਲਾ, 12 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਬੈਚਲਰ ਆਫ਼ ਫਿਜ਼ਿਓਥੈਰੇਪੀ (ਬੀ. ਪੀ. ਟੀ.) ਚੌਥੇ ਸਾਲ ਦੀ ਵਿਦਿਆਰਥਣ ਕਸ਼ਿਸ਼ ਮਾਹਨਾ ਨੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸੋਨ ਤਗਮਾ ਆਪਣੇ ਨਾਂਅ ਕੀਤਾ। ਕਨਵੋਕੇਸ਼ਨ ਦੌਰਾਨ ਪੰਜਾਬ ਦੇ ਰਾਜਪਾਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਗੁਲਾਬ ਚੰਦ ਕਟਾਰੀਆ ਨੇ ਤਗਮਾ ਅਤੇ ਡਿਗਰੀ ਪ੍ਰਦਾਨ ਕਰਕੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ। ਇਸ ਮੋਕੇ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਨਿਊ ਜਰਸੀ ਤੋਂ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਕਨਵੋਕੇਸ਼ਨ ’ਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਕਨਵੋਕੇਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕੀਤੀ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਿਗਰੀ ਤੇ ਤਗਮੇ ਸਿਰਫ਼ ਸਨਮਾਨ ਨਹੀਂ, ਸਗੋਂ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਵੀ ਪ੍ਰਤੀਕ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਤੇ ਯੋਗਤਾ ਨੂੰ ਦੇਸ਼ ਦੀ ਤਰੱਕੀ ਅਤੇ ਲੋਕ ਭਲਾਈ ਲਈ ਸਮਰਪਿਤ ਕਰਨ ਦਾ ਸੱਦਾ ਦਿੱਤਾ। ਪੰਜਾਬ ਦੇ ਉੱਚ ਸਿੱਖਿਆ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਸ਼ਿਸ਼ ਮਾਹਨਾ ਸਮੇਤ ਹੋਰਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨ ਸਿੱਖਿਆ ਦੇ ਖੇਤਰ ਵਿਚ ਦੇਸ਼ ਅਤੇ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸੋਨ ਤਗਮਾ ਹਾਸਿਲ ਕਰਨ ਵਾਲੇ ਵਿਦਿਆਰਥੀ ਹੋਰਨਾਂ ਲਈ ਪ੍ਰੇਰਣਾ ਹਨ ਤੇ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਕਸ਼ਿਸ਼ ਮਾਹਨਾ ਦੀ ਇਸ ਉਪਲਬਧੀ ਨਾਲ ਉਸ ਦੇ ਪਰਿਵਾਰ, ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਿੱਖਿਆ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਇਸ ਸਫਲਤਾ ਨੂੰ ਮਿਹਨਤ, ਲਗਨ ਤੇ ਅਨੁਸ਼ਾਸਨ ਦਾ ਨਤੀਜਾ ਦੱਸਦਿਆਂ ਕਿਹਾ ਕਿ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸਰੋਤ ਬਣੇਗੀ। ਕਸ਼ਿਸ਼ ਮਾਹਨਾ ਦੀ ਇਸ ਸ਼ਾਨਦਾਰ ਸਫਲਤਾ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਨੇ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਇਹ ਉਪਲਬਧੀ ਨਾ ਸਿਰਫ਼ ਕਸ਼ਿਸ਼ ਮਾਹਨਾ ਲਈ, ਸਗੋਂ ਉਸਦੇ ਪਰਿਵਾਰ ਅਤੇ ਸੰਸਥਾ ਲਈ ਵੀ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ।
ਬੀ. ਪੀ. ਟੀ. ਚੌਥੇ ਸਾਲ ’ਚ ਪਹਿਲਾ ਸਥਾਨ ਹਾਸਿਲ ਕਰ ਕਸ਼ਿਸ਼ ਮਾਹਨਾ ਬਣੀ ਗੋਲਡ ਮੈਡਲਿਸਟ ਪੰਜਾਬ ਦੇ ਰਾਜਪਾਲ ਕਟਾਰੀਆ ਤੇ ਸਿੱਖਿਆ ਮੰਤਰੀ ਬੈਂਸ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਾਨਵੋਕੇਸ਼ਨ ਦੌਰਾਨ ਕੀਤਾ ਸਨਮਾਨਿਤ
ਅਜੀਤ ਡੈਸਕ
13-07-2026