ਰਾਜਪੁਰਾ, 14 ਜੁਲਾਈ (ਰਣਜੀਤ ਸਿੰਘ)-ਇੱਥੋਂ ਦੀ ਘੁੱਗ ਵਸਦੀ ਕਾਲੋਨੀ ਵਿਚ ਬਣ ਰਹੀ ਨਵੀਂ ਕੋਠੀ ਵਿਚ ਮਾਲਕ ਦੇ ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਹੀ ਚੋਰਾਂ ਨੇ ਗ੍ਰਹਿ ਪ੍ਰਵੇਸ਼ ਕਰਕੇ ਅੰਦਰ ਪਿਆ ਕੀਮਤੀ ਸਮਾਨ ਅਤੇ ਲੱਖਾਂ ਰੁਪਏ ਦੇ ਮੁੱਲ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੁਰਪ੍ਰੀਤ ਸਿੰਘ ਆਹਲੂਵਾਲੀਆਂ ਨੇ ਦੱਸਿਆ ਕਿ ਉਹ ਕਨਿਕਾ ਗਾਰਡਨ ਅਤੇ ਆਈ.ਐੱਸ.ਆਈ. ਹਸਪਤਾਲ ਦੇ ਨੇੜੇ ਨਵੀਂ ਕੋਠੀ ਪਾ ਰਿਹਾ ਹੈ। ਕੋਠੀ ਦਾ ਕੰਮ ਮੁਕੰਮਲ ਹੋਣ ਦੇ ਕਿਨਾਰੇ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਰੀ ਕੋਠੀ ਵਿਚ ਬਿਜਲੀ ਦੀਆਂ ਤਾਰਾਂ ਦੀ ਫਿਟਿੰਗ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਦਿਨ ਦਿਹਾੜੇ ਚੋਰ ਨਵੀਂ ਬਣ ਰਹੀ ਕੋਠੀ ਵਿਚ ਕੰਧਾਂ ਟੱਪ ਕੇ ਗਏ ਅਤੇ ਅੰਦਰੋਂ ਬਿਜਲੀ ਦੀ ਫਿਟਿੰਗ ਕੀਤੀਆਂ ਤਾਰਾਂ ਚੋਰੀ ਕਰ ਲਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੋਠੀ ਵਿਚ ਲੱਕੜ ਵਾਲਾ ਕਾਰੀਗਰ ਕੰਮ ਕਰ ਰਿਹਾ ਸੀ, ਉਸ ਦੇ ਹਜ਼ਾਰਾਂ ਰੁਪਏ ਦੇ ਔਜ਼ਾਰ ਚੋਰੀ ਕਰ ਲਏ ਹਨ। ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਰਾਤ ਦੇ ਸਮੇਂ ਕੋਠੀ ਵਿਚ ਚੌਂਕੀਦਾਰ ਰੱਖਿਆ ਹੋਇਆ ਹੈ ਪਰ ਚੋਰੀ ਤਾਂ ਦਿਨ ਦਿਹਾੜੇ ਹੋਈ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਚੋਰ ਦਿਨ ਦਿਹਾੜੇ ਚੋਰੀ ਕਰ ਸਕਦੇ ਹਨ ਤਾਂ ਰਾਤ ਨੂੰ ਸ਼ਹਿਰ ਦੀ ਰਖਵਾਲੀ ਕੌਣ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਕਾਨੂੰਨ ਦਾ ਜਨਾਜਾ ਨਿਕਲ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਚੋਰ ਰਾਤ ਦਾ ਹਨੇਰਾ ਵੀ ਨਹੀ ਉਡੀਕਦੇ ਦਿਨੇ ਹੀ ਆਪਣਾ ਕੰਮ ਨਬੇੜ ਦਿੰਦੇ ਹਨ। ਦਿਨ ਦੇ ਚਾਨਣ ਵਿਚ ਵੀ ਚੋਰਾਂ ਦਾ ਰਾਜ ਹੋ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਵੀ ਸ਼ਹਿਰ ਵਿਚੋਂ 20 ਲੱਖ ਰੁਪਏ ਚੋਰੀ ਕਰ ਲਏ ਹਨ, ਹਾਲੇ ਉਸ ਖ਼ਬਰ ਦੀ ਸਿਆਹੀ ਵੀ ਨਹੀਂ ਸੁੱਕੀ ਚੋਰਾਂ ਨੇ ਨਵੀਂ ਕਾਰਵਾਈ ਪਾ ਦਿੱਤੀ ਹੈ। ਚੋਰਾਂ ਨੇ ਪੀ.ਸੀ.ਆਰ. ਦੀਆਂ ਹੂਟਰ ਮਾਰਨ ਵਾਲੀਆਂ ਗੱਡੀਆਂ ’ਤੇ ਵੀ ਸਵਾਲੀਆਂ ਨਿਸ਼ਾਨ ਲਾ ਦਿੱਤਾ ਹੈ। ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਨੇ ਮੌਕਾ ਵੇਖ ਲਿਆ ਹੈ।