ਬਨੂੜ, 17 ਜੁਲਾਈ (ਭੁਪਿੰਦਰ ਸਿੰਘ)-ਭਾਰਤ ਅਮਰੀਕਾ ਟ੍ਰੇਡ ਡੀਲ ਤੇ ਲੈਂਡ ਪੁਲਿੰਗ ਨੀਤੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ 22 ਜੁਲਾਈ ਨੂੰ ਸੂਬੇ ਦੇ ਸਾਰੇ ਟੋਲ ਪਲਾਜ਼ਾ ਤਿੰਨ ਘੰਟੇ ਲਈ ਫ੍ਰੀ ਕੀਤੇ ਜਾਣਗੇ ਦੇ ਸੰਬੰਧ ’ਚ ਐਸ. ਕੇ. ਐਮ. ਨਾਲ ਜਥੇਬੰਦੀਆਂ ਵਲੋਂ ਬਨੂੜ ਬੈਠਕ ਕੀਤੀ ਗਈ। ਬੈਠਕ ਉਪਰੰਤ ਗੱਲਬਾਤ ਕਰਦੇ ਹੋਏ ਕੁਲ ਹਿੰਦ ਕਿਸਾਨ ਸਭਾ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਲੱਖੀ ਕਰਾਲਾ, ਖੇਤ ਮਜ਼ਦੂਰ ਯੂਨੀਅਨ ਆਗੂ ਸਤਪਾਲ ਸਿੰਘ ਰਾਜੋਮਾਜਰਾ, ਗੁਰਜਿੰਦਰ ਸਿੰਘ ਹੈਪੀ, ਰਣਜੀਤ ਸਿੰਘ ਕਨੌੜ, ਕੇਸਰ ਸਿੰਘ ਕਨੌੜ, ਸੁੱਖੀ ਤੰਗੋਰੀ ਲੱਖੋਵਾਲ, ਮੁਹੰਮਦ ਸਲੀਮ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਅਮਰੀਕਾ ਵਿਚਕਾਰ ਕੀਤੇ ਗਏ ਮੁਫਤ ਵਪਾਰ ਸਮਝੌਤਾ, ਲੈਂਡ ਪੁਲਿੰਗ ਨੀਤੀ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈਣ ਕੇ 22 ਜੁਲਾਈ ਨੂੰ ਅਜ਼ੀਜ਼ਪੁਰ ਟੋਲ ਪਲਾਜ਼ਾ ਦੁਪਹਿਰ 12 ਤੋਂ ਤਿੰਨ ਵਜੇ ਤੱਕ ਫ੍ਰੀ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਤਾਨਾਸ਼ਾਹੀ ਰਵੱਈਆ ਅਪਣਾ ਕੇ ਦੇਸ਼ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।