ਪਟਿਆਲਾ, 18 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਪੰਜਾਬ ਦੌਰੇ ਦੌਰਾਨ ਸੂਬੇ ਨੂੰ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਅਤੇ ਵੱਡੀਆਂ ਸੌਗਾਤਾਂ ਦੇਣ ’ਤੇ ਸਾਬਕਾ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਹਰਿਆਣਾ ਤੇ ਚੰਡੀਗੜ੍ਹ ਦੇ ਦੌਰੇ ਤੋਂ ਬਾਅਦ ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ-ਪੱਥਰ ਰੱਖੇ। ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਦੱਸਿਆ ਕਿ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ 125 ਕਰੋੜ ਦੀ ਲਾਗਤ ਨਾਲ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤੇ ਗਏ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਪੰਜਾਬ ਲਈ ਇਕ ਵੱਡੀ ਉਪਲਬਧੀ ਹੈ। ਇਸ ਦੇ ਨਾਲ ਹੀ ਸੂਬੇ ਦੇ 3 ਹੋਰ ਪ੍ਰਮੁੱਖ ਸਟੇਸ਼ਨਾਂ ਮੁਹਾਲੀ, ਮੁਕਤਸਰ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਨਵੀਨੀਕਰਨ ਦੀ ਸੌਗਾਤ ਵੀ ਮਿਲੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨੰਗਲ ਡੈਮ-ਤਲਵਾੜਾ-ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਲਗਪਗ 830 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਦੌਲਤਪੁਰ ਚੌਕ-ਕਰਟੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਕੀਤਾ ਗਿਆ ਹੈ, ਸ਼ਰਧਾਲੂਆਂ ਤੇ ਆਮ ਲੋਕਾਂ ਦੀ ਸਹੂਲਤ ਲਈ ਅੰਮ੍ਰਿਤਸਰ (ਛੇਹਰਟਾ)-ਵਾਰਾਨਸੀ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਵਲੋਂ 25.2 ਕਿਲੋਮੀਟਰ ਲੰਬੇ ਛੇ-ਮਾਰਗੀ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ-ਪੱਥਰ ਵੀ ਰੱਖਿਆ ਗਿਆ। ਇਹ ਪ੍ਰੋਜੈਕਟ ਲੁਧਿਆਣਾ ਤੇ ਬਠਿੰਡਾ ਵਿਚਕਾਰ ਯਾਤਰਾ ਦੀ ਦੂਰੀ ਅਤੇ ਸਮੇਂ ਨੂੰ ਕਾਫ਼ੀ ਘਟਾਏਗਾ, ਜਿਸ ਨਾਲ ਵਪਾਰ ਤੇ ਆਵਾਜਾਈ ਨੂੰ ਵੱਡਾ ਹੁਲਾਰਾ ਮਿਲੇਗਾ। ਅਖੀਰ ਵਿਚ ਪ੍ਰਨੀਤ ਕੌਰ ਤੇ ਜੈ ਇੰਦਰ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਵਿਕਾਸ ਲਈ ਲਗਾਤਾਰ ਇਤਿਹਾਸਕ ਕਦਮ ਚੁੱਕ ਰਹੀ ਹੈ। ਜੇਕਰ ਪੰਜਾਬ ਦੀ ਜਨਤਾ ਆਉਣ ਵਾਲੇ ਸਮੇਂ ਵਿਚ ਸੂਬੇ ਅੰਦਰ ਵੀ ‘ਡਬਲ ਇੰਜਣ ਦੀ ਸਰਕਾਰ’ ਬਣਾਉਂਦੀ ਹੈ ਤਾਂ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਕਈ ਗੁਣਾ ਹੋਰ ਵਧ ਜਾਵੇਗੀ ਅਤੇ ਸੂਬਾ ਮੁੜ ਤੋਂ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ।