ਪਟਿਆਲਾ, 18 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਵਾਤਾਵਰਨ ਸੁਰੱਖਿਆ ਨੂੰ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਮੰਨਦੇ ਹੋਏ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਸਹਿਯੋਗ ਨਾਲ ਆਪਣੇ ਪ੍ਰਮੁੱਖ ‘ਮਿਸ਼ਨ ਕਲੀਨ ਪਟਿਆਲਾ’ ਤਹਿਤ ਨਾਭਾ ਰੋਡ ‘ਤੇ ਸਫ਼ਾਈ ਮੁਹਿੰਮ ਚਲਾਈ। ਇਸ ਮੁਹਿੰਮ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾਗੁਪਤਾ, ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਬੋਰਡ ਦੇ ਸੀਨੀਅਰ ਅਧਿਕਾਰੀ, ਪੰਜਾਬ ਰੋਡਵੇਜ਼, ਜਲ ਸਪਲਾਈ ਤੇ ਸੈਨੀਟੇਸ਼ਨ, ਲੋਕ ਨਿਰਮਾਣ, ਸਿੰਚਾਈ ਅਤੇ ਡਰੇਨੇਜ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਰੀਨਾ ਗੁਪਤਾ ਨੇ ਕਿਹਾ “ਸਭ ਤੋਂ ਸਾਫ਼ ਸ਼ਹਿਰ ਕੇਵਲ ਸਰਕਾਰਾਂ ਦੇ ਯਤਨਾਂ ਨਾਲ ਨਹੀਂ ਬਣਦੇ, ਸਗੋਂ ਉਦੋਂ ਬਣਦੇ ਹਨ ਜਦੋਂ ਹਰ ਨਾਗਰਿਕ ਇਹ ਮੰਨਦਾ ਹੈ ਕਿ ਉਸ ਦੇ ਘਰ, ਦਫ਼ਤਰ ਜਾਂ ਸੰਸਥਾ ਦੇ ਬਾਹਰ ਦੀ ਸੜਕ ਵੀ ਉਸ ਦੀ ਆਪਣੀ ਜ਼ਿੰਮੇਵਾਰੀ ਹੈ। ਅਸੀਂ ਪਟਿਆਲਾ ਦੀਆਂ ਪ੍ਰਮੁੱਖ ਸੰਸਥਾਵਾਂ, ਲਾਗੂਕਰਨ ਏਜੰਸੀਆਂ ਅਤੇ ਸਮਾਜਿਕ ਸੰਗਠਨਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦੇ ਅਗਲੇ ਪੜਾਅ ਤਹਿਤ ਭਾਗੀਦਾਰ ਸੰਸਥਾਵਾਂ ਨਿਰਧਾਰਤ ਦਿਨਾਂ ‘ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਸਫ਼ਾਈ ਮੁਹਿੰਮਾਂ ਜਾਰੀ ਰੱਖਣਗੀਆਂ। ਵੱਧ ਤੋਂ ਵੱਧ ਲੋਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਲਦੀ ਹੀ ਆਉਣ ਵਾਲੀਆਂ ਗਤੀਵਿਧੀਆਂ ਦਾ ਕੈਲੰਡਰ ਜਾਰੀ ਕਰੇਗਾ। ਇਸ ਮੁਹਿੰਮ ਵਿੱਚ ਨੌਜਵਾਨਾਂ ਦੀ ਭਰਪੂਰ ਭਾਗੀਦਾਰੀ ਵੀ ਵੇਖਣ ਨੂੰ ਮਿਲੀ। ਬਲਾਸਮਜ਼ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਆਈ. ਟੀ. ਆਈ. ਕਾਲਜ, ਪਟਿਆਲਾ ਦੇਵਿਦਿਆਰਥੀਆਂ ਨੇ ਅਧਿਕਾਰੀਆਂ ਅਤੇ ਨਾਗਰਿਕਾਂ ਨਾਲ ਮਿਲ ਕੇ ਸੜਕ ਦੀ ਸਫ਼ਾਈ ਕੀਤੀ। ਇਸ ਤੋਂ ਇਲਾਵਾ, ਪਟਿਆਲਾ ਨੂੰ ਸਾਫ਼-ਸੁਥਰਾ ਰੱਖਣ ਲਈ ਸਮਰਪਿਤ ਸਵੈਛਿਕਨਾਗਰਿਕ ਸਮੂਹ “ਮੇਰਾ ਪਟਿਆਲਾ ਮੈਂ ਹੀ ਸਵਾਰਾ” ਦੇ ਮੈਂਬਰਾਂ ਨੇ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਅਪ੍ਰੈਲ 2026 ਵਿਚ ਸ਼ੁਰੂ ਕੀਤੀ ਗਈ ‘ਮਿਸ਼ਨ ਕਲੀਨ ਪਟਿਆਲਾ’ ਹੁਣ ਪੂਰੇ ਸ਼ਹਿਰਦੀ ਲੋਕ ਮੁਹਿੰਮ ਬਣ ਚੁੱਕੀ ਹੈ। ਹੁਣ ਤੱਕ 30 ਤੋਂ ਵੱਧ ਸੰਸਥਾਵਾਂ ਇਸ ਪਹਿਲ ਨਾਲ ਜੁੜ ਚੁੱਕੀਆਂ ਹਨ, ਜਿਨ੍ਹਾਂ ਵਿਚ 18 ਸਕੂਲ, 10 ਕਾਲਜ ਤੇ ਚਾਰ ਪ੍ਰਮੁੱਖ ਸੰਸਥਾਵਾਂ ਸ਼ਾਮਿਲ ਹਨ। ਮਿਸ਼ਨ ਕਲੀਨ ਪਟਿਆਲਾ ਦੀ ਸ਼ੁਰੂਆਤ ਤੋਂ ਹੁਣ ਤੱਕ 650 ਤੋਂ ਵੱਧ ਭਾਗੀਦਾਰ ਲਗਪਗ 28 ਸਫ਼ਾਈ ਅਤੇ ਜਾਗਰੂਕਤਾ ਮੁਹਿੰਮਾਂ ਵਿਚ ਹਿੱਸਾ ਲੈ ਚੁੱਕੇ ਹਨ। ਇਹ ਮੁਹਿੰਮਾਂ ਸੰਬੰਧਿਤ ਸੰਸਥਾਵਾਂ ਦੇ ਨੇੜਲੇ ਰਸਤਿਆਂ ‘ਤੇ ਚਲਾਈਆਂ ਗਈਆਂ। ਇਸ ਵਿਚ 20 ਵਿਦਿਅਕ ਸੰਸਥਾਵਾਂ ਸ਼ਾਮਲ ਹਨ, ਜਿਨ੍ਹਾਂ ਵਿਚ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਸਰਕਾਰੀ ਸੀਨੀਅਰ ਸੈਕੰਡਰੀ ਸਿਵਲ ਲਾਈਨਜ਼ ਸਕੂਲ, ਸਰਕਾਰੀ ਆਈ. ਟੀ. ਆਈ. ਕਾਲਜ, ਮੁਲਤਾਨੀ ਮਲ ਮੋਦੀ ਕਾਲਜ, ਡੀ. ਏ. ਵੀ. ਪਬਲਿਕ ਸਕੂਲ, ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ, ਬੁੱਢਾ ਦਲ ਪਬਲਿਕ ਸਕੂਲ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਕੈਂਟਲ ਸੀਨੀਅਰ ਸਕੂਲ, ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ, ਦ ਬ੍ਰਿਟਿਸ਼ ਕੋ-ਐਡ ਸਕੂਲ, ਯਾਦਵੇਂਦਰਾ ਪਬਲਿਕ ਸਕੂਲ, ਬਲਾਸਮਜ਼ ਸੀਨੀਅਰ ਸੈਕੰਡਰੀ ਸਕੂਲ, ਆਵਰ ਲੇਡੀ ਆਫ਼ ਫਾਤਿਮਾ ਕਾਨਵੈਂਟ ਸਕੂਲ, ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ, ਅਰਵਿੰਦੋ ਪਬਲਿਕ ਸਕੂਲ, ਪੰਜਾਬੀ ਯੂਨੀਵਰਸਿਟੀ, ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪਾਲੀਟੈਕਨਿਕ ਕਾਲਜ ਅਤੇ ਸ਼ਿਵਾਲਿਕ ਪਬਲਿਕ ਸਕੂਲ ਸ਼ਾਮਲ ਹਨ। ਇਹ ਸੰਸਥਾਵਾਂ ਸਿਰਫ਼ ਸਫ਼ਾਈ ਹੀ ਨਹੀਂ ਕਰ ਰਹੀਆਂ, ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸੁੰਦਰ ਬਣਾਉਣ ਲਈ ਨਵੇਂ ਵਿਚਾਰਾਂ ‘ਤੇ ਵੀ ਕੰਮ ਕਰ ਰਹੀਆਂ ਹਨ। ਪ੍ਰਮੁੱਖ ਸੰਸਥਾਵਾਂ ਵਿਚ ਭਾਰਤ-ਤਿੱਬਤ ਸੀਮਾ ਪੁਲਿਸ (ਆਈ. ਟੀ. ਬੀ. ਪੀ.), ਸਟੇਸ਼ਨ ਹੈੱਡਕੁਆਰਟਰ ਪਟਿਆਲਾ ਤੇ ਬਾਗਬਾਨੀ ਵਿਭਾਗ ਵੀ ਸ਼ਾਮਲ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੁਹਰਾਇਆ ਕਿ ਹਵਾ ਦੀ ਗੁਣਵੱਤਾ ਵਿਚ ਸੁਧਾਰ ਤੇ ਸ਼ਹਿਰੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨਿਕ ਕਾਰਵਾਈ ਦੇ ਨਾਲ-ਨਾਲਲੋਕਾਂ ਦੀ ਲਗਾਤਾਰ ਭਾਗੀਦਾਰੀ ਵੀ ਬਹੁਤ ਜ਼ਰੂਰੀ ਹੈ। ‘ਮਿਸ਼ਨ ਕਲੀਨ ਪਟਿਆਲਾ’ ਰਾਹੀਂ ਬੋਰਡ ਦਾ ਉਦੇਸ਼ ਲੋਕਾਂ ਵਿਚ ਲੰਬੇ ਸਮੇਂ ਲਈ ਵਿਵਹਾਰਕ ਬਦਲਾਅ ਨੂੰ ਉਤਸ਼ਾਹਿਤ ਕਰਨਾ, ਜਨਤਕ ਥਾਵਾਂ ਪ੍ਰਤੀ ਸਾਂਝੀ ਮਾਲਕੀ ਦੀ ਭਾਵਨਾ ਪੈਦਾ ਕਰਨੀ ਤੇ ਪੰਜਾਬ ਦੇ ਹੋਰ ਸ਼ਹਿਰਾਂ ਲਈ ਨਾਗਰਿਕਾਂ ਦੀ ਅਗਵਾਈ ਹੇਠ ਵਾਤਾਵਰਨ ਸੰਭਾਲ ਦਾ ਇਕ ਅਨੁਕਰਣਯੋਗ ਮਾਡਲ ਤਿਆਰ ਕਰਨਾ ਹੈ।