ਘਨੌਰ, 23 ਜੁਲਾਈ (ਸਰਦਾਰਾ ਸਿੰਘ ਲਾਛੜੂ)-ਅੱਜ ਘਨੌਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚੇ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਜ਼ਿਲ੍ਹਾ ਪਟਿਆਲਾ ਦੇ ਭਾਜਪਾ ਉੱਤਰੀ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਅਤੇ ਜ਼ਿਲ੍ਹਾ ਪਟਿਆਲਾ ਯੁਵਾ ਮੋਰਚਾ ਦੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਹੇਠ ਨੇਪਰੇ ਚੜ੍ਹਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਤੇ ਪੰਜਾਬ ਬੀ. ਜੇ. ਪੀ. ਯੁਵਾ ਮੋਰਚਾ ਦੀ ਸਟੇਟ ਸਕੱਤਰ ਨਿਹਾਰਿਕਾ ਕਮਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਨੀਤ ਕੌਰ ਵਲੋਂ ਸਾਹਿਲ ਸੂਦ ਨੂੰ ਯੁਵਾ ਮੋਰਚਾ ਘਨੌਰ ਦਾ ਪ੍ਰਭਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਉਪਰੰਤ ਗੱਲਬਾਤ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਪੀ. ਐਸ. ਪੀ. ਸੀ. ਐਲ. ਵਲੋਂ 10,000 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਕੋਈ ਵੀ ਸਹੂਲਤ ਦੇਣ ਤੋਂ ਪਹਿਲਾਂ ਲੇਖਾ-ਜੋਖਾ ਜ਼ਰੂਰ ਕਰਨਾ ਚਾਹੀਦਾ ਹੈ ਕਿ ਇਸ ਦੀ ਪੂਰਤੀ ਕਿੱਥੋਂ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਆਦਤ ਹਰ ਗੱਲ ਕੇਂਦਰ ਸਰਕਾਰ ਦੇ ਸਿਰ ‘ਤੇ ਸੁੱਟਣ ਦੀ ਹੈ। ਨਸ਼ਿਆਂ ਦੇ ਮੁੱਦੇ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡਾਂ ਵਿਚ ਨਸ਼ੇ ਦੇ ਮਾਮਲੇ ਨਾਮਾਤਰ ਸਨ, ਪਰ ਹੁਣ ਵੱਡੀ ਗਿਣਤੀ ਵਿਚ ਬੱਚੇ ਇਸ ਦੀ ਲਪੇਟ ਵਿਚ ਆ ਰਹੇ ਹਨ ਅਤੇ ਇਹ ਖੁੱਲ੍ਹੇਆਮ ਵਿਕ ਰਿਹਾ ਹੈ, ਜਿਸ ਦਾ ਸਰਕਾਰ ਨੂੰ ਠੋਸ ਹੱਲ ਕੱਢਣਾ ਚਾਹੀਦਾ ਹੈ। ਕਿਸਾਨਾਂ ਅਤੇ ਸ਼ੰਭੂ ਬਾਰਡਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੇਜ਼ ‘ਤੇ ਬੈਠ ਕੇ ਸੁਲਝਾਉਣਾ ਚਾਹੀਦਾ ਹੈ ਕਿਉਂਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੌਲੀ ਵਲੋਂ ਯੁਵਾ ਮੋਰਚਾ ਦੇ ਹਲਕਾ ਘਨੌਰ ਦੇ ਨਵ ਨਿਯੁਕਤ ਹਲਕਾ ਇੰਚਾਰਜ ਸਾਹਿਲ ਸੂਦ ਨੂੰ ਵਧਾਈ ਦਿੱਤੀ। ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਹਲਕਾ ਘਨੌਰ ਦੇ ਨਵੇਂ ਨਿਯੁਕਤ ਕੀਤੇ ਗਏ।ਇੰਚਾਰਜ ਸਾਹਿਲ ਸੂਦ ਨੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੌਲੀ ਅਤੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਹਰਪਾਲਪੁਰ, ਭਾਜਪਾ ਆਗੂ ਪ੍ਰਦੀਪ ਨੰਦਾ, ਲਖਵੀਰ ਸਿੰਘ ਲੱਖੀ, ਐਡਵੋਕੇਟਰ ਰਜਿੰਦਰ ਸੈਣੀ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਰਾਜਪੁਰਾ, ਵਿਸ਼ੂ ਸ਼ਰਮਾ ਆਈ. ਟੀ. ਸੈੱਲ ਪਟਿਆਲਾ, ਤੇਜਿੰਦਰ ਸਿੰਘ ਰਾਏਪੁਰ ਤੇ ਹਰਵਿੰਦਰ ਸਿੰਘ ਸੰਧਾਰਸੀ ਕਿਸਾਨ ਮੰਡਲ ਜ਼ਿਲ੍ਹਾ ਮੀਤ ਪ੍ਰਧਾਨ ਪਟਿਆਲਾ, ਅਵਤਾਰ ਸਿੰਘ ਜੰਡ ਮੰਗੋਲੀ ਸਮੇਤ ਵੱਡੀ ਗਿਣਤੀ ਵਿਚ ਭਾਰਤ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਆਗੂ ਮੌਜੂਦ ਰਹੇ।