ਪਟਿਆਲਾ, 23 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਸਿੱਖਿਆ ਵਿਭਾਗ ਪੰਜਾਬ ਸਰਕਾਰ ਵਲੋਂ ਸਕੂਲ ਲੈਕਚਰਾਰ ਦੀਆਂ 1013 ਪੋਸਟਾਂ ਵਿਚ 6 ਵਿਸ਼ਿਆਂ ਵਿਚ ਅਨੁਸੂਚਿਤ ਜਾਤੀ ਨੂੰ ਰਾਖਵਾਂਕਰਨ ਨਾ ਦੇਣ ਦਾ ਮਾਮਲੇ ਅਤੇ ਬਰਨਾਲਾ ਵਿਖੇ ਸਫਾਈ ਸੇਵਕਾਂ ਉੱਪਰ ਤਸ਼ੱਦਦ ਤੋਂ ਗੁੱਸੇ ਵਿਚ ਆਏ ਐਸ. ਸੀ. ਸਮਾਜ ਦੇ ਵਿਦਿਆਰਥੀਆਂ, ਕਰਮਚਾਰੀਆਂ ਤੇ ਸਫਾਈ ਸੇਵਕਾਂ ਵਲੋਂ ਵੀਰਵਾਰ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਨ ਸਿੰਘ ਨਾਭਾ ਲਾਇਬਰੇਰੀ ਤੋਂ ਲੈ ਕੇ ਯੂਨੀਵਰਸਿਟੀ ਦੇ ਮੁੱਖ ਗੇਟ ‘ਤੱਕ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਰੋਸ ਪ੍ਰਗਟਾਇਆ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ 1013 ਸਕੂਲ ਲੈਕਚਰਾਰ ਭਰਤੀ ਵਿਚ ਪੰਜਾਬ ਸਰਕਾਰ ਨੇ ਐਸ. ਸੀ. ਸਮਾਜ ਨੂੰ ਰਾਖਵਾਂਕਰਨ ਨਾ ਦੇ ਕੇ ਐਸ. ਸੀ. ਸਮਾਜ ਪ੍ਰਤੀ ਆਪਣੀ ਸੋਚ ਜੱਗ ਜਾਹਿਰ ਕੀਤੀ ਹੈ। ਉਥੇ ਹੀ ਲੰਬੇ ਅਰਸੇ ਤੋਂ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਬਰਨਾਲਾ ਵਿਖੇ ਪੁਲਿਸ ਵਲੋਂ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਹੈ ਜੋ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਭਰਤੀ ਦੇ ਇਸ਼ਤਿਹਾਰ ਨੂੰ ਰੱਦ ਕਰਕੇ ਫੌਰੀ ਰਾਖਵਾਂਕਰਨ ਦੇ ਕੇ ਨਵਾਂ ਇਸ਼ਤਿਹਾਰ ਜਾਰੀ ਕਰੇ, ਤਾਂ ਜੋ ਐਸ. ਸੀ ਵਰਗ ਦੇ ਨੌਜਵਾਨ ਲੜਕੇ ਲੜਕੀਆਂ ਇਸ ਭਰਤੀ ਵਿਚ ਆਪਣਾ ਬਣਦਾ ਹੱਕ ਲੈ ਸਕਣ। ਬਰਨਾਲਾ ਘਟਨਾ ’ਤੇ ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਉੱਪਰ ਅੰਨੇਵਾਹ ਤਸ਼ੱਦਦ ਢਾਹੁਣ ਵਾਲੇ ਪੁਲਿਸ ਅਫਸਰ ਨੂੰ ਫੌਰੀ ਡਿਸਮਿਸ ਕਰਨਾ ਚਾਹੀਦਾ ਹੈ। ਜੇਕਰ ਸਰਕਾਰ ਨੇ ਵਾਲਮੀਕਿ ਸਮਾਜ ਉੱਪਰ ਬਰਨਾਲਾ ਵਿਖੇ ਢਾਹੇ ਤਸ਼ੱਦਦ ਦੇ ਦੋਸ਼ੀਆਂ ਨੂੰ ਬਰਖਾਸਤ ਨਾ ਕੀਤਾ ਤਾਂ ਪੰਜਾਬ ਭਰ ਵਿਚ ਸਰਕਾਰ ਦੇ ਇਸ ਐਕਸ਼ਨ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਮਿਸ਼ਨ ਸਤਲੁਜ ਤੋਂ ਯਾਦਵਿੰਦਰ ਸਿੰਘ ਯਾਦੂ, ਸਫਾਈ ਸੇਵਕ ਯੂਨੀਅਨ ਤੋਂ ਸੰਦੀਪ ਕੁਮਾਰ, ਕੁਲਦੀਪ ਸਿੰਘ, ਰਾਜੇਸ਼ ਗੱਗੂ, ਕਰਮਚਾਰੀ ਆਗੂ ਸ੍ਰੀਮਤੀ ਅਮਰਜੀਤ ਕੌਰ, ਪ੍ਰਕਾਸ਼ ਸਿੰਘ, ਵਿਦਿਆਰਥੀ ਆਗੂਆਂ ਵਿੱਚ ਬੋਹੜ ਸਿੰਘ, ਲਵਪ੍ਰੀਤ ਸਿੰਘ, ਸਤਵਿੰਦਰ ਕੌਰ, ਮਨਪ੍ਰੀਤ ਕੌਰ, ਹਰਦੀਪ ਸਿੰਘ, ਜਗਦੀਪ ਸਿੰਘ, ਆਦਿ ਮੌਜੂਦ ਸਨ।