ਪਟਿਆਲਾ, 24 ਜੁਲਾਈ (ਮਨਦੀਪ ਸਿੰਘ ਖਰੌੜ)-ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਪੰਜਾਬ ਸਰਕਾਰ ਦੀ ਵਿਰਾਸਤ ਸੇਵਾ ਸੰਗਠਨ ਵਲੋਂ ਚਲ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਪਟਿਆਲਾ ਸ਼ਹਿਰ ਦੇ ਮਾਡਲ ਟਾਊਨ ਤੇ ਢਿੱਲੋਂ ਕਾਲੋਨੀ ਤੋਂ ਰਵਾਨਾ ਕੀਤੀ ਗਈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਇਹ ਯਾਤਰਾ ਤਿੰਨ ਦਿਨ ਲਈ ਹੈ, ਜਿਥੇ ਕਿ ਵਧੀਆ ਹੋਟਲ ਵਿਚ ਖਾਣਾ ਤੇ ਰਹਿਣ ਦਾ ਪ੍ਰਬੰਧ ਹੁੰਦਾ ਹੈ। ਇਹ ਜਲ੍ਹਿਆਂਵਾਲਾ ਬਾਗ, ਰਾਮ ਤੀਰਥ ਮੰਦਰ, ਦੁਰਗਿਆਣਾ ਮੰਦਰ ਤੇ ਅਟਾਰੀ ਬਾਰਡਰ ਵੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਅਣਗਿਣਤ ਸ਼ਰਧਾਲੂ ਤੀਰਥ ਯਾਤਰਾ ਕਰ ਚੁੱਕੇ ਹਨ ਅਤੇ ਲੱਖਾਂ ਸ਼ਰਧਾਲੂ ਲਗਾਤਾਰ ਸੰਬੰਧਿਤ ਇਲਾਕੇ ਦੇ ਆਗੂਆਂ ਨਾਲ ਸੰਪਰਕ ਕਰ ਰਹੇ ਹਨ ਜਿਨ੍ਹਾਂ ਨੂੰ ਇਹ ਯਾਤਰਾ ਕਰਵਾਈ ਜਾ ਰਹੀ ਹੈ। ਸਰਕਾਰ ਨੇ ਇਸ ਉਪਰਾਲੇ ਦਾ ਸੂਬਾ ਵਾਸੀਆਂ ਵਲੋਂ ਸਹਿਯੋਗ ਕਰਨ ਦੇ ਨਾਲ ਨਾਲ ਧੰਨਵਾਦ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਧਾਰਮਿਕ ਆਸਥਾ ਨਾਲ ਜੁੜੇ ਲੋਕਾਂ ਲਈ ਇਕ ਵੱਡਾ ਉਪਰਾਲਾ ਹੈ। ਵਿਧਾਇਕ ਕੋਹਲੀ ਨੇ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਸੁਖਦ ਤੇ ਮੰਗਲਮਈ ਯਾਤਰਾ ਦੀ ਕਾਮਨਾ ਕੀਤੀ। ਇਸ ਮੌਕੇ ਹਲਕਾ ਕੋਆਰਡੀਨੇਟਰ ਹਰਵਿੰਦਰਪਾਲ ਸਿੰਘ ਵਿੰਟੀ, ਬਲਾਕ ਪ੍ਰਧਾਨ ਰਜਿੰਦਰ ਮੋਹਨ, ਜੁਆਇੰਟ ਸਕੱਤਰ ਸਟੇਟ ਵੀਮੈਨ ਵਿੰਗ ਮੋਨਿਕਾ ਸ਼ਰਮਾ, ਵਾਰਡ ਨੰ. 58 ਦੇ ਕੌਂਸਲਰ ਗੁਰਜੀਤ ਸਿੰਘ ਸਾਹਨੀ ਤੇ ਵਾਰਡ ਨੰ. 39 ਦੇ ਇੰਚਾਰਜ ਜਯੋਤੀ ਹਾਜ਼ਰ ਸਨ।