ਪਟਿਆਲਾ, 5 ਅਗਸਤ (ਅ. ਸ. ਆਹਲੂਵਾਲੀਆ)-ਪਟਿਆਲਾ ਵਿਚ ਸਵੇਰ ਤੋਂ ਹੀ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਨਗਰ ਨਿਗਮ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਆ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਸੁਚਾਰੂ ਬਣਾਉਣ ਤੇ ਸ਼ਹਿਰ ਵਾਸੀਆਂ ਨੂੰ ਜਲ ਭਰਾਅ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਦੇ ਮੰਤਵ ਨਾਲ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵਲੋਂ ਸਵੇਰੇ 6 ਵਜੇ ਤੋਂ ਹੀ ਨਿਗਮ ਦੀਆਂ ਟੀਮਾਂ ਨੂੰ ਨਾਲ ਲੈ ਕੇ ਵਿਸ਼ੇਸ਼ ਦੌਰਾ ਕੀਤਾ। ਦੋਵਾਂ ਉੱਚ ਅਧਿਕਾਰੀਆਂ ਨੇ ਖ਼ੁਦ ਜ਼ਮੀਨੀ ਪੱਧਰ ’ਤੇ ਮੌਜੂਦ ਰਹਿ ਕੇ ਹਰ ਪ੍ਰਭਾਵਿਤ ਸਥਾਨ ਦੀ ਸਥਿਤੀ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ ਅਤੇ ਮੌਕੇ ’ਤੇ ਹੀ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਨਿਰੀਖਣ ਦੌਰਾਨ ਮੇਅਰ ਤੇ ਕਮਿਸ਼ਨਰ ਵਲੋਂ ਸ਼ਹਿਰ ਦੇ ਨੀਵੇਂ ਅਤੇ ਸੰਵੇਦਨਸ਼ੀਲ ਖੇਤਰਾਂ ਜਿਵੇਂ ਕਿ ਫੁਲਕੀਆਂ ਇਨਕਲੇਵ, ਮਜੀਠੀਆ ਇਨਕਲੇਵ, ਚਾਂਦਨੀ ਚੌਂਕ, ਰਾਘੋਮਾਜਰਾ, ਜੈਕਬ ਡਰੇਨ ਤੇ ਐਸ. ਟੀ. ਪੀ. ਪਲਾਂਟ ਸਮੇਤ ਹੋਰ ਕਈ ਇਲਾਕਿਆਂ ਦਾ ਦੌਰਾ ਕੀਤਾ ਗਿਆ। ਜਿਨ੍ਹਾਂ ਵੀ ਥਾਵਾਂ ’ਤੇ ਮੀਂਹ ਦਾ ਪਾਣੀ ਖੜ੍ਹਾ ਮਿਲਿਆ, ਉੱਥੇ ਨਗਰ ਨਿਗਮ ਦੀਆਂ ਟੀਮਾਂ ਨੂੰ ਤੁਰੰਤ ਪ੍ਰਭਾਵ ਨਾਲ ਭਾਰੀ ਮਸ਼ੀਨਰੀ ਅਤੇ ਸਟਾਫ਼ ਲਗਾ ਕੇ ਪੰਪਾਂ ਰਾਹੀਂ ਪਾਣੀ ਦੀ ਨਿਕਾਸੀ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ। ਇਸ ਮੌਕੇ ਐਸ. ਸੀ. ਜੇ. ਪੀ. ਸਿੰਘ, ਐਕਸੀਅਨ ਕੁਲਜਿੰਦਰ ਸਿੰਘ, ਜੇਈ ਰਾਜੇਸ਼, ਪੀ. ਏ. ਕ੍ਰਿਸ਼ਨ ਕੁਮਾਰ ਤੋਂ ਇਲਾਵਾ ਹੋਰ ਨਿਗਮ ਅਧਿਕਾਰੀ ਵੀ ਮੌਜੂਦ ਸਨ।