ਸਨੌਰ, 26 ਅਗਸਤ (ਮੋਹਣ ਸਿੰਘ ਭੱਟੀ, ਗੀਤਵਿੰਦਰ ਸਿੰਘ ਸੋਖਲ)- ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਤੇ ਦਵਿੰਦਰ ਕੁਮਾਰ ਅੱਤਰੀ ਐੱਸ.ਪੀ. (ਇਨਵੈਸਟੀਗੇਸ਼ਨ) ਦੀ ਰਹਿਨੁਮਾਈ ਹੇਠ ਥਾਣਾ ਸਨੌਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਕਸਬਾ ਸਨੌਰ ਦੇ ਚਰਚਿਤ ਜਸ਼ਨਪ੍ਰੀਤ ਸਿੰਘ ਕਤਲ ਮਾਮਲੇ ਨੂੰ ਟਰੇਸ ਕਰਕੇ ਮੁੱਖ ਮੁਲਜ਼ਮਾਂ ਨੂੰ ਵਾਰਦਾਤ ਵਿਚ ਵਰਤੇ ਗਏ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁੱਖ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਾਮਲੇ ਦੀ ਹੋਰ ਡੂੰਘਾਈ ਨਾਲ ਪੁੱਛਗਿੱਛ ਲਈ ਮੁਲਜ਼ਮਾਂ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ-ਕਪਤਾਨ ਪੁਲਿਸ (ਦਿਹਾਤੀ) ਪਟਿਆਲਾ ਰਣਬੀਰ ਸਿੰਘ ਨੇ ਥਾਣਾ ਸਨੌਰ ਦੇ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਥਾਣਾ ਸਨੌਰ ਪੁਲਿਸ ਟੀਮ ਨੇ ਦਿਨ-ਰਾਤ ਮਿਹਨਤ ਕਰਕੇ ਇਸ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਅਤੇ ਇਸ ਵਿੱਚ ਥਾਣਾ ਸਨੌਰ ਪੁਲਿਸ ਨੇ ਸੀ. ਆਈ. ਏ. ਪਟਿਆਲਾ ਦਾ ਵੀ ਸਹਿਯੋਗ ਲਿਆ ਹੈ। ਡੀ.ਐੱਸ.ਪੀ. ਰਣਬੀਰ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਅਗਸਤ ਦੀ ਸ਼ਾਮ ਨੂੰ ਅਕਾਲਗੜ੍ਹ ਗੁਰਦੁਆਰਾ ਸਾਹਿਬ ਸਨੌਰ ਨੇੜੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਾਸੀ ਸਨੌਰ ਦਾ ਬਜਾਰ ਵਿੱਚ ਸ਼ਰੇਆਮ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਸਨੌਰ ਵਿਖੇ ਮੁਕੱਦਮਾ ਨੰਬਰ 88 ਮਿਤੀ 11 ਅਗਸਤ 2026 ਅਧੀਨ ਧਾਰਾ 103(1), 109, 190, 191(3) ਅਤੇ 118(1) ਬੀ.ਐੱਨ.ਐੱਸ. ਤਹਿਤ ਅਮਿਤ ਕੁਮਾਰ ਉਰਫ਼ ਪੱਪਨ, ਉਸ ਦੇ ਭਰਾ ਸੁਮਿਤ ਕੁਮਾਰ ਉਰਫ਼ ਬੋਨੀ, ਮੋਨੂੰ ਕੁਮਾਰ, ਦਕਸ਼, ਅਕਾਸ਼ਦੀਪ ਸਿੰਘ ਉਰਫ਼ ਕਾਕਾ ਅਤੇ ਅਮਨਦੀਪ ਸਿੰਘ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਕਰਦਿਆਂ ਪੁਲਿਸ ਨੇ ਪਹਿਲਾਂ 23 ਅਗਸਤ ਨੂੰ ਦੋਸ਼ੀ ਮੋਨੂੰ ਕੁਮਾਰ ਵਾਸੀ ਸਨੌਰ ਨੂੰ ਗ੍ਰਿਫ਼ਤਾਰ ਕੀਤਾ। ਇਸ ਉਪਰੰਤ ਪੁਲਿਸ ਪਾਰਟੀ ਨੇ 25 ਅਗਸਤ ਨੂੰ ਮਾਮਲੇ ਦੇ ਮੁੱਖ ਦੋਸ਼ੀ ਦੋ ਸਕੇ ਭਰਾਵਾਂ ਅਮਿਤ ਕੁਮਾਰ ਉਰਫ਼ ਪੱਪਨ ਅਤੇ ਸੁਮਿਤ ਕੁਮਾਰ ਉਰਫ਼ ਬੋਨੀ ਵਾਸੀਆਨ ਸਨੌਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤੀਆਂ ਗਈਆਂ ਕਿਰਚਾਂ ਬਰਾਮਦ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁਲਜ਼ਮਾਂ ਨੂੰ ਲੁਕਾਉਣ, ਪਨਾਹ ਦੇਣ, ਵਿੱਤੀ ਮਦਦ ਕਰਨ ਅਤੇ ਮੋਬਾਈਲ ਫ਼ੋਨ ਤੇ ਸਿਮ ਕਾਰਡ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਗੁਰਦੀਪ ਸਿੰਘ ਉਰਫ਼ ਗੱਗੀ ਵਾਸੀ ਭੁਨਰਹੇੜੀ ਅਤੇ ਪਵਨ ਕੁਮਾਰ ਵਾਸੀ ਉਕਲਾਣਾ ਮੰਡੀ, ਹਿਸਾਰ ਨੂੰ 20 ਅਗਸਤ ਨੂੰ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਡੀ.ਐੱਸ.ਪੀ. ਰਣਬੀਰ ਸਿੰਘ ਨੇ ਵਜ੍ਹਾ ਏ ਰੰਜਿਸ਼ ਬਾਰੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਐਕਟਿਵਾ ਸਕੂਟਰੀ ਦੀ ਪਾਰਕਿੰਗ ਨੂੰ ਲੈ ਕੇ ਪਹਿਲਾਂ ਮਾਮੂਲੀ ਲੜਾਈ-ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਅਮਿਤ ਕੁਮਾਰ ਉਰਫ਼ ਪੱਪਨ ਖ਼ਿਲਾਫ਼ ਪਹਿਲਾਂ ਵੀ ਥਾਣਾ ਸਨੌਰ ਵਿਖੇ ਆਬਕਾਰੀ ਐਕਟ ਅਤੇ ਲੜਾਈ-ਝਗੜੇ ਦੇ ਕਈ ਮੁਕੱਦਮੇ ਦਰਜ ਹਨ, ਜਦਕਿ ਸੁਮਿਤ ਕੁਮਾਰ ਉਰਫ਼ ਬੋਨੀ ਖ਼ਿਲਾਫ਼ ਵੀ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਹੈ। ਉਨ੍ਹਾਂ ਕਿਹਾ ਕਿ 3 ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਫਰਾਰ ਮੁਲਜ਼ਮਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਰਹਿੰਦੇ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸਨੌਰ ਕਤਲ ਕਾਂਡ ਸੁਲਝਿਆ: ਪੁਲਿਸ ਵਲੋਂ ਦੋ ਸਕੇ ਭਰਾਵਾਂ ਸਮੇਤ ਮੁੱਖ ਮੁਲਜ਼ਮ ਗ੍ਰਿਫ਼ਤਾਰ
ਸਨੌਰ, 26 ਅਗਸਤ (ਮੋਹਣ ਸਿੰਘ ਭੱਟੀ, ਗੀਤਵਿੰਦਰ ਸਿੰਘ ਸੋਖਲ)- ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਆਈ. ਪੀ.
ਅਜੀਤ ਡੈਸਕ
27-08-2026