ਤਿਉਹਾਰਾਂ ਵਾਲੇ ਦਿਨਾਂ ’ਚ ਕੋਈ ਵੀ ਜਥੇਬੰਦੀ ਬੰਦ ਦਾ ਸੱਦਾ ਨਾ ਦੇਵੇ : ਲਵਲੀ
ਪਟਿਆਲਾ, 26 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਸ਼ਾਪਕੀਪਰ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਲਵਲੀ ਅਤੇ ਚੇਅਰਮੈਨ ਮਹੇਸ਼ ਹਸੀਜਾ ਨੇ ਸਫਾਬਾਦੀ ਗੇਟ ਬਾਜ਼ਾਰ ਵਿਚ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਕਿਸੇ ਵੀ ਜਥੇਬੰਦੀ ਵਲੋਂ ਬਾਜ਼ਾਰ ਬੰਦ ਦਾ ਸੱਦਾ ਨਾ ਦੇਵੇ।
ਪਟਿਆਲਾ, 26 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਸ਼ਾਪਕੀਪਰ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਲਵਲੀ ਅਤੇ ਚੇਅਰਮੈਨ ਮਹੇਸ਼ ਹਸੀਜਾ ਨੇ ਸਫਾਬਾਦੀ ਗੇਟ ਬਾਜ਼ਾਰ ਵਿਚ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਕਿਸੇ ਵੀ ਜਥੇਬੰਦੀ ਵਲੋਂ ਬਾਜ਼ਾਰ ਬੰਦ ਦਾ ਸੱਦਾ ਨਾ ਦੇਵੇ। ਲਵਲੀ ਨੇ ਕਿਹਾ ਕਿ ਤਿਉਹਾਰਾਂ ਨੂੰ ਲੈ ਕੇ ਸ਼ਹਿਰ ਦੇ ਦੁਕਾਨਦਾਰਾਂ ਨੇ ਆਪਣਾ ਸਮਾਨ ਭਾਰੀ ਨਿਵੇਸ਼ ਕਰਕੇ ਪਾਇਆ ਹੋਇਆ ਹੈ। ਮਠਿਆਈਆਂ, ਸਜਾਵਟੀ ਸਾਮਾਨ, ਇਲੈਕਟ੍ਰਾਨਿਕ ਵਸਤਾਂ ਅਤੇ ਰੈਡੀਮੇਡ ਕੱਪੜਿਆਂ ਸਮੇਤ ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਦੁਕਾਨਦਾਰ ਤਿਉਹਾਰੀ ਸੀਜ਼ਨ ’ਤੇ ਨਿਰਭਰ ਕਰਦੇ ਹਨ। ਕਈ ਛੋਟੇ ਵਪਾਰੀ ਕਰਜ਼ਾ ਲੈ ਕੇ ਸਮਾਨ ਖਰੀਦਦੇ ਹਨ, ਜਦਕਿ ਕਈ ਲੋਕ ਰੇਹੜੀ-ਫੜ੍ਹੀ ਰਾਹੀਂ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਦਿਨਾਂ ਵਿਚ ਬਾਜ਼ਾਰ ਬੰਦ ਨਾ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਦੁਕਾਨਦਾਰ ਬਾਜ਼ਾਰ ਬੰਦ ਨਹੀਂ ਕਰਨਗੇ। ਜੇਕਰ ਕੋਈ ਤਿਉਹਾਰਾਂ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਲਵਲੀ ਨੇ ਕਿਹਾ ਕਿ ਉਹ ਸ਼ਹਿਰ ਦੇ ਹਰ ਦੁਕਾਨਦਾਰ ਨਾਲ ਖੜ੍ਹੇ ਹਨ। ਜੇਕਰ ਸਰਕਾਰ ਦੇ ਕਿਸੇ ਵੀ ਵਿਭਾਗ ਦਾ ਅਧਿਕਾਰੀ ਦੁਕਾਨਦਾਰਾਂ ਨੂੰ ਬੇਵਜ੍ਹਾ ਤੰਗ-ਪ੍ਰੇਸ਼ਾਨ ਕਰਦਾ ਹੈ ਤਾਂ ਉਹ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ । ਉਨ੍ਹਾਂ ਐਸ.ਐਸ.ਪੀ. ਪਟਿਆਲਾ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ, ਨਾਕਾਬੰਦੀ ਕੀਤੀ ਜਾਵੇ ਅਤੇ ਚੋਰੀ ਕਰਨ ਵਾਲੇ ਅਨਸਰਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ। ਇਸ ਮੌਕੇ ਇਸ਼ਵਰ ਦਾਸ, ਜਸਬੀਰ ਸਿੰਘ ਉਬਰਾਏ, ਉਮ ਪ੍ਰਕਾਸ਼ ਉਮੀਦ, ਦਵਿੰਦਰ ਡੀ.ਕੇ., ਰਜਿੰਦਰ ਰੋਡਾ, ਡਾ. ਮੋਹਿਤ ਮੜ੍ਹਨ, ਰਕੇਸ਼ ਕੁਮਾਰ ਹਸੀਜਾ, ਮੰਗਾਂ ਸਿੰਘ, ਪਰਿਸ ਟੇਲਰ, ਦੇਵ ਕੁਮਾਰ ਹਸੀਜਾ, ਰਾਮ ਛਾਬੜਾ, ਵਿਧੀ ਛਾਬੜਾ, ਕਾਲੂ ਚਾਨਾ, ਮਦਨ ਰਹੀਦਾ, ਗੋਲਡੀ ਸਿੰਘ, ਸੁਰਿੰਦਰ ਕੱਕੜ, ਬਾਵਾ ਸਿੰਘ, ਡੀਪੂ ਕਿਸਨ ਮੁਰਾਰੀ, ਅਰੁਣ ਚਾਵਲਾ, ਪ੍ਰੈਸ ਕੁਮਾਰ ਹਸੀਜਾ, ਜਸਪਾਲ ਸਿੰਘ ਆਦਿ ਹਾਜ਼ਰ ਸਨ।