ਡਾ. ਸਿਮਰਨਜੀਤ ਸਿੰਘ ਦੀ ਸੰਪਾਦਿਤ ਪੁਸਤਕ ‘ਸੁਖਵਿੰਦਰ ਸੁੱਖੀ ਕਾਵਿ’ ’ਤੇ ਹੋਈ ਵਿਚਾਰ-ਚਰਚਾ
ਪਟਿਆਲਾ, 27 ਸਤੰਬਰ (ਗੁਰਵਿੰਦਰ ਸਿੰਘ ਔਲਖ)- ਸਾਂਝਾ ਸਾਹਿਤਕ ਮੰਚ, ਪਟਿਆਲਾ ਵਲੋਂ ਅਮਰਜੀਤ ਲਾਇਬ੍ਰੇਰੀ, ਭਾਦਸੋਂ ਰੋਡ ਵਿਖੇ ਸਾਹਿਤਕ ਮਿਲਣੀ ਕਰਵਾਈ ਗਈ, ਜਿਸ ਦੌਰਾਨ ਡਾ. ਸਿਮਰਨਜੀਤ ਸਿੰਘ ਦੀ ਸੰਪਾਦਿਤ ਪੁਸਤਕ ‘ਸੁਖਵਿੰਦਰ ਸੁੱਖੀ ਕਾਵਿ’ ’ਤੇ ਵਿਸ਼ੇਸ਼ ਵਿਚਾਰ-ਚਰਚਾ ਕੀਤੀ ਗਈ।
ਪਟਿਆਲਾ, 27 ਸਤੰਬਰ (ਗੁਰਵਿੰਦਰ ਸਿੰਘ ਔਲਖ)- ਸਾਂਝਾ ਸਾਹਿਤਕ ਮੰਚ, ਪਟਿਆਲਾ ਵਲੋਂ ਅਮਰਜੀਤ ਲਾਇਬ੍ਰੇਰੀ, ਭਾਦਸੋਂ ਰੋਡ ਵਿਖੇ ਸਾਹਿਤਕ ਮਿਲਣੀ ਕਰਵਾਈ ਗਈ, ਜਿਸ ਦੌਰਾਨ ਡਾ. ਸਿਮਰਨਜੀਤ ਸਿੰਘ ਦੀ ਸੰਪਾਦਿਤ ਪੁਸਤਕ ‘ਸੁਖਵਿੰਦਰ ਸੁੱਖੀ ਕਾਵਿ’ ’ਤੇ ਵਿਸ਼ੇਸ਼ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸਾਹਿਤਕਾਰਾਂ, ਆਲੋਚਕਾਂ ਅਤੇ ਕਵੀਆਂ ਨੇ ਸੁਖਵਿੰਦਰ ਸੁੱਖੀ ਦੀ ਕਾਵਿ-ਸਿਰਜਣਾ ਤੇ ਪੁਸਤਕ ਦੇ ਸਾਹਿਤਕ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਕਰਦਿਆਂ ਨਵਦੀਪ ਸਿੰਘ ਮੁੰਡੀ ਨੇ ਹਾਜ਼ਰੀਨ ਦਾ ਸਵਾਗਤ ਕੀਤਾ । ਡਾ. ਅਮਰਜੀਤ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੁਸਤਕ ਵਿਚ ਤਿੰਨੋਂ ਪੀੜ੍ਹੀਆਂ ਦੀ ਆਲੋਚਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਦੇ ਆਲੋਚਕਾਂ ਵਿਚ ਡਾ. ਸਿਮਰਨਜੀਤ ਸਿੰਘ ਨੇ ਆਪਣੀ ਆਲੋਚਨਾ ਵਿਧੀ ਰਾਹੀਂ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਅਨੁਸਾਰ ਸੁਖਵਿੰਦਰ ਸੁੱਖੀ ਨੇ ਆਪਣੀਆਂ ਦੋਵਾਂ ਪੁਸਤਕਾਂ ਰਾਹੀਂ ਨਵਾਂ ਮੁਹਾਵਰਾ ਤਲਾਸ਼ਣ ਦਾ ਯਤਨ ਕੀਤਾ ਹੈ। ਮੁੱਖ ਪਰਚਾ ਪੇਸ਼ ਕਰਦਿਆਂ ਡਾ. ਰਵਿੰਦਰ ਰਵੀ ਨੇ ਸੁਖਵਿੰਦਰ ਸੁੱਖੀ ਨੂੰ ਸੂਖਮ ਭਾਵੀ ਅਤੇ ਸੰਵੇਦਨਸ਼ੀਲ ਕਵੀ ਦੱਸਦਿਆਂ ਕਿਹਾ ਕਿ ਪੰਜਾਬੀ ਕਵਿਤਾ ਵਿਚ ਉਨ੍ਹਾਂ ਦਾ ਨਿਵੇਕਲਾ ਸਥਾਨ ਹੈ। ਨਵਦੀਪ ਸਿੰਘ ਮੁੰਡੀ ਨੇ ਸੁਖਵਿੰਦਰ ਸੁੱਖੀ ਨੂੰ ਕੋਮਲ ਭਾਵੀ ਕਵੀ ਦੱਸਿਆ ਅਤੇ ਡਾ. ਸਿਮਰਨਜੀਤ ਸਿੰਘ ਦੇ ਸੰਘਰਸ਼ ਤੋਂ ਬਾਅਦ ਮਿਲੀ ਤਰੱਕੀ ’ਤੇ ਖੁਸ਼ੀ ਪ੍ਰਗਟਾਈ। ਸੁਖਵਿੰਦਰ ਸੁੱਖੀ ਨੇ ਕਿਹਾ ਕਿ ਡਾ. ਸਿਮਰਨਜੀਤ ਸਿੰਘ ਨੇ ਪੁਸਤਕ ਦੀ ਤਿਆਰੀ ਲਈ ਬੜੀ ਸ਼ਿੱਦਤ ਅਤੇ ਮਿਹਨਤ ਨਾਲ ਕੰਮ ਕੀਤਾ ਹੈ। ਡਾ. ਸਿਮਰਨਜੀਤ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਵਰਤਾਰੇ ਵਾਪਰਦੇ ਹਨ, ਜਿਨ੍ਹਾਂ ਨੂੰ ਸਾਡੀ ਅੱਖ ਸਿੱਧੇ ਤੌਰ ’ਤੇ ਵੇਖ ਨਹੀਂ ਸਕਦੀ, ਪਰ ਸੁਖਵਿੰਦਰ ਸੁੱਖੀ ਨੇ ‘ਈਬੂ’ ਦੇ ਹਵਾਲੇ ਨਾਲ ਅਜਿਹੇ ਸੂਖਮ ਵਰਤਾਰਿਆਂ ਨੂੰ ਆਪਣੀ ਕਵਿਤਾ ਵਿਚ ਫੜਿਆ ਹੈ। ਵਿਚਾਰ-ਚਰਚਾ ਵਿਚ ਸਤਨਾਮ ਕੌਰ ਚੌਹਾਨ ਅਤੇ ਕਮਲ ਸੇਖੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਅਮਰਜੀਤ ਕੌਂਕੇ ਨੇ ਕਿਹਾ ਕਿ ਡਾ. ਸਿਮਰਨਜੀਤ ਸਿੰਘ ਵਲੋਂ ਪੁਸਤਕ ਦੀ ਬੜੀ ਮਿਹਨਤ ਨਾਲ ਸੰਪਾਦਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸੁੱਖੀ ਦੀਆਂ ਕਵਿਤਾਵਾਂ ਇਸ ਪੱਧਰ ਦੀਆਂ ਹਨ ਕਿ ਉਨ੍ਹਾਂ ’ਤੇ ਇਸ ਤਰ੍ਹਾਂ ਦਾ ਗੰਭੀਰ ਸਾਹਿਤਕ ਕਾਰਜ ਕੀਤਾ ਜਾ ਸਕੇ। ਇਸ ਮੌਕੇ ਅਮਰਜੀਤ ਖਰੌੜ ਅਤੇ ਪਾਲ ਖਰੌੜ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਤਨਾਮ ਕੌਰ ਚੌਹਾਨ ਦੇ ਭਰਾ ਤੇ ਨਰਿੰਦਰਪਾਲ ਕੌਰ ਦੇ ਪਿਤਾ ਦੇ ਅਕਾਲ ਚਲਾਣੇ ’ਤੇ ਮੰਚ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਂਝਾ ਸਾਹਿਤਕ ਮੰਚ ਵਲੋਂ ਡਾ. ਸਿਮਰਨਜੀਤ ਸਿੰਘ ਅਤੇ ਸੁਖਵਿੰਦਰ ਸੁੱਖੀ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਪਰਵਾਸੀ ਕਵੀ ਸੁਰਿੰਦਰ ਸਿੰਘ ਜੱਬਲ ਦਾ ਕਾਵਿ-ਸੰਗ੍ਰਹਿ ਲੋਕ ਅਰਪਣ ਕੀਤਾ ਗਿਆ।