ਪੰਜਾਬ ਦੇ ਰਾਜਪਾਲ ਨੇ ਚਿਨਮਯਾ ਅੰਮ੍ਰਿਤ ਵਾਹਿਨੀ ਦਾ ਕੀਤਾ ਸਵਾਗਤ
ਪਟਿਆਲਾ, 7 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਚਿਨਮਯਾ ਮਿਸ਼ਨ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਮੌਕੇ ’ਤੇ ਪਟਿਆਲਾ ਵਿਖੇ ‘ਚਿਨਮਯਾ ਅੰਮ੍ਰਿਤ ਮਹਾਉਤਸਵ’ ਕਰਵਾਇਆ ਗਿਆ, ਜਿਸ ’ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚਿਨਮਯਾ ਅੰਮ੍ਰਿਤ ਵਾਹਿਨੀ ਦਾ ਵੀ ਭਰਵਾਂ ਸਵਾਗਤ ਕੀਤਾ ਗਿਆ।
ਪ
ਪਟਿਆਲਾ ਵਿਖੇ ‘ਚਿਨਮਯਾ ਅੰਮ੍ਰਿਤ ਮਹਾਉਤਸਵ’ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਸਨਮਾਨ ਕਰਦੇ ਹੋਏ। ਅਜੀਤ ਤਸਵੀਰ
08-10-2026
ਪਟਿਆਲਾ, 7 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਚਿਨਮਯਾ ਮਿਸ਼ਨ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਮੌਕੇ ’ਤੇ ਪਟਿਆਲਾ ਵਿਖੇ ‘ਚਿਨਮਯਾ ਅੰਮ੍ਰਿਤ ਮਹਾਉਤਸਵ’ ਕਰਵਾਇਆ ਗਿਆ, ਜਿਸ ’ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚਿਨਮਯਾ ਅੰਮ੍ਰਿਤ ਵਾਹਿਨੀ ਦਾ ਵੀ ਭਰਵਾਂ ਸਵਾਗਤ ਕੀਤਾ ਗਿਆ। ਚਿਨਮਯਾ ਅੰਮ੍ਰਿਤ ਵਾਹਿਨੀ ਵਿਚ ਪੂਜਨੀਕ ਗੁਰੂਦੇਵ ਸਵਾਮੀ ਚਿਨਮਯਾਨੰਦ ਦੀ ਪਵਿੱਤਰ ਮੂਰਤੀ ਤੇ ਪਾਦੁਕਾ ਸ਼ਾਮਲ ਹਨ, ਜੋ ਪਿਛਲੇ ਇਕ ਸਾਲ ਤੋਂ ਪੂਰੇ ਦੇਸ਼ ਵਿਚ ਧਾਰਮਿਕ ਯਾਤਰਾ ਕਰਦੀਆਂ ਹੋਈਆਂ ਪਟਿਆਲਾ ਪਹੁੰਚੀਆਂ। ਇਸ ਮੌਕੇ ਸੰਗਤ ਤੇ ਚਿਨਮਯਾ ਮਿਸ਼ਨ ਦੇ ਮੈਂਬਰਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਵਾਹਿਨੀ ਦਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਚਿਨਮਯਾ ਮਿਸ਼ਨ ਨੋਇਡਾ ਦੇ ਆਚਾਰਿਆ ਸਵਾਮੀ ਚਿਦਰੂਪਾਨੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਚਿਨਮਯਾ ਮਿਸ਼ਨ ਨੇ ਪੂਜਨੀਕ ਸਵਾਮੀ ਚਿਨਮਯਾਨੰਦ ਦੀ ਤਪੱਸਿਆ, ਗਿਆਨ ਅਤੇ ਵਿਚਾਰਧਾਰਾ ਨੂੰ ਦੇਸ਼-ਵਿਦੇਸ਼ ਵਿਚ ਲੋਕਾਂ ਤੱਕ ਪਹੁੰਚਾਉਣ ਲਈ ਮਹੱਤਵਪੂਰਨ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਦੇ ਕੇਂਦਰ ਪੂਰੇ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਮੌਜੂਦ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਇਸ ਨਾਲ ਜੁੜੇ ਹੋਏ ਹਨ। ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤ ਦਾ ਇਹ ਸੁਭਾਗ ਹੈ ਕਿ ਇੱਥੋਂ ਦੀ ਮਹਾਨ ਆਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੰਤਾਂ ਅਤੇ ਮਹਾਂਪੁਰਖਾਂ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਦੂਜਿਆਂ ਲਈ ਜੀਣਾ ਹੀ ਅਸਲ ਜੀਵਨ ਹੈ। ਅਜਿਹੇ ਧਾਰਮਿਕ ਅਤੇ ਆਧਿਆਤਮਿਕ ਸਥਾਨਾਂ ’ਤੇ ਜਾ ਕੇ ਮਨੁੱਖ ਨੂੰ ਅੰਦਰੂਨੀ ਤਾਕਤ ਅਤੇ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਚਿਨਮਯਾ ਮਿਸ਼ਨ ਵਲੋਂ ਭਾਰਤੀ ਸੰਸਕ੍ਰਿਤੀ, ਅਧਿਆਤਮ ਅਤੇ ਸਨਾਤਨ ਗਿਆਨ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਰਾਜ ਕੁਮਾਰ ਗੁਪਤਾ ਅਤੇ ਨਰੇਸ਼ ਗੁਪਤਾ ਵਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਾਧਵ ਸ਼ਰਮਾ ਨੇ ਨਿਭਾਈ। ਚਿਨਮਯਾ ਮਿਸ਼ਨ ਦੇ ਸਵਾਮੀ ਮਾਧਵਾਨੰਦ, ਪਟਿਆਲਾ ਦੀ ਪ੍ਰਧਾਨ ਪੁਸ਼ਪਾ ਮਨਚੰਦਾ ਸਮੇਤ ਮਿਸ਼ਨ ਦੇ ਹੋਰ ਮੈਂਬਰਾਂ ਵਲੋਂ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ।