ਡੀ. ਏ. ਪੀ. ਖ਼ਾਦ ਦੀ ਕਾਲਾਬਾਜ਼ਾਰੀ ਰੋਕਣ ਲਈ ਚੇਅਰਮੈਨ ਗਰੇਵਾਲ ਨੂੰ ਸੌਂਪਿਆ ਸ਼ਿਕਾਇਤ ਪੱਤਰ
ਰਾਜਪੁਰਾ, 22 ਅਕਤੂਬਰ (ਜੀ. ਪੀ.
ਰਾਜਪੁਰਾ, 22 ਅਕਤੂਬਰ (ਜੀ.ਪੀ. ਸਿੰਘ)- ਹਲਕਾ ਰਾਜਪੁਰਾ ਅਤੇ ਤਹਿਸੀਲ ਰਾਜਪੁਰਾ ਦੇ ਸਮੂਹ ਕਿਸਾਨਾਂ ਵੱਲੋਂ ਖੇਤੀਬਾੜੀ ਵਿਚ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੇਨ ਹਰਜੀਤ ਸਿੰਘ ਗਰੇਵਾਲ ਨੂੰ ਸ਼ਿਕਾਇਤ ਪੱਤਰ ਸੌਂਪਦੇ ਹੋਏ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਕਿਸਾਨ ਜਸਵੀਰ ਸਿੰਘ ਕੋਟਲਾ, ਸ਼ਮਸ਼ੇਰ ਸਿੰਘ ਉਕਸੀ, ਨਵਜੋਤ ਸਿੰਘ ਪਿਲਖਣੀ ਨੇ ਆਪਣੇ ਸ਼ਿਕਾਇਤ ਪੱਤਰ `ਚ ਰਾਜਪੁਰਾ ਦੇ ਕੁੱਝ ਡੀ.ਏ.ਪੀ. ਖਾਦ ਦੇ ਵਿਕਰੇਤਾਵਾਂ ਖ਼ਿਲਾਫ਼ ਖਾਦ ਨਾ ਦੇਣ ਦਾ ਜ਼ਿਕਰ ਕੀਤਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਡੀ.ਏ.ਪੀ. ਖਾਦ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ, ਪਰ ਕੁੱਝ ਫਰਮਾਂ ਵਲੋਂ ਕਿਸਾਨਾਂ ਨੂੰ ਖਾਦ ਦੀ ਸਹੀ ਸਪਲਾਈ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਕੇ ਕਿਸਾਨਾਂ ਨੂੰ ਖਾਦ ਦੀ ਸਹੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪੱਤਰ ਵਿੱਚ ਨਕਲੀ ਤੇ ਘਟੀਆ ਕੀਟਨਾਸ਼ਕਾਂ ਦੀ ਵਿਕਰੀ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਘਟੀਆ ਦਵਾਈਆਂ ਕਾਰਨ ਫਸਲਾਂ ਨੂੰ ਨੁਕਸਾਨ ਹੋਣ ਦੇ ਨਾਲ੍ਨਾਲ ਉਨ੍ਹਾਂ ਦੀ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਵੀ ਵਧ ਰਹੀ ਹੈ, ਜਿਸ `ਤੇ ਚੇਅਰਮੈਨ ਗਰੇਵਾਲ ਨੇ ਉਨ੍ਹਾਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।