ਆਰ. ਟੀ. ਏ. ਪੂਨਮਪ੍ਰੀਤ ਕੌਰ ਅਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਬਣਿਆ ਤਲਖੀ ਦਾ ਮਾਹੌਲ, ਅਰਜ਼ੀਕਰਤਾ ਵੀ ਜੰਮ ਕੇ ਵਰ੍ਹੇ
ਪਟਿਆਲਾ, 10 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪਟਿਆਲਾ ਦੇ ਆਰ. ਟੀ.
ਪਟਿਆਲਾ, 10 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪਟਿਆਲਾ ਦੇ ਆਰ. ਟੀ. ਏ. ਦਫਤਰ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਨੂੰ ਲੈ ਕੇ ਆਰ. ਟੀ. ਓ. ਪੂਨਮਪ੍ਰੀਤ ਕੌਰ ਦੇ ਦਫਤਰ ਮੁਲਾਕਾਤ ਕੀਤੀ। ਇਸ ਮੌਕੇ ਆਰ. ਟੀ. ਓ. ਦਫਤਰ ਵਿਖੇ ਸ. ਬਿੱਟੂ ਦੇ ਆਉਣ ਦਾ ਪਤਾ ਲੱਗਣ ’ਤੇ ਵੱਡਾ ਜਮਾਵੜਾ ਲੱਗਿਆ ਅਤੇ ਆਰ. ਟੀ. ਓ. ਦਫਤਰ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਸੰਬੰਧੀ ਮੈਡਮ ਪੂਨਮਪ੍ਰੀਤ ਕੌਰ ਦੇ ਦਫਤਰ ਪਹੁੰਚ ਕੇ ਪ੍ਰੇਸ਼ਾਨ ਲੋਕ ਵੀ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਜਮ ਕੇ ਵਰ੍ਹੇ। ਰਵਨੀਤ ਸਿੰਘ ਬਿੱਟੂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਸਾਂ ਦੀ ਸਮਾਂ ਸਾਰਣੀ ਤੇ ਬੱਸ ਰੂਟਾਂ ਨੂੰ ਲੈ ਕੇ ਮੇਰੀ ਆਰ. ਟੀ. ਏ. ਮੈਡਮ ਪੂਨਮਪ੍ਰੀਤ ਕੌਰ ਨਾਲ ਗੱਲਬਾਤ ਹੋ ਰਹੀ ਸੀ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਗੜਬੜ ਕਿਥੋਂ ਹੋ ਰਹੀ ਹੈ ਕਿ ਸਾਹਮਣੇ ਆਇਆ ਕਿ ਇਸ ਵਿਚ ਆਰ. ਟੀ. ਏ. ਮੈਡਮ ਦੀ ਮੁੱਖ ਮੰਤਰੀ ਨਿਵਾਸ ਨਾਲ ਨੇੜਤਾ ਤੇ ਗੁੜ੍ਹੇ ਰਿਸ਼ਤੇ ਦੀ ਗੱਲ ਸਾਹਮਣੇ ਆਈ ਅਤੇ ਜਦੋਂ ਆਰ. ਟੀ. ਏ. ਦੀ ਹਾਜ਼ਰੀ ਬਾਰੇ ਉਨ੍ਹਾਂ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਸੰਬੰਧਤ ਅਧਿਕਾਰੀ ਤੋਂ ਜਵਾਬ ਮਿਲਿਆ ਕਿ ਉਨ੍ਹਾਂ ਦੀ ਕੋਈ ਹਾਜ਼ਰੀ ਨਹੀਂ ਲੱਗਦੀ ਅਤੇ ਇਸ ਸੰਬੰਧੀ ਕੇਵਲ ਵੱਡੇ ਅਫਸਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਬਿੱਟੂ ਨੇ ਸਵਾਲ ਚੁੱਕਿਆ ਕਿ ਮਹੀਨੇ ’ਚ ਆਰ. ਟੀ. ਏ. ਮੈਡਮ ਤਿੰਨ ਵਾਰ ਆਉਂਦੇ ਹਨ ਕਿ ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਕਿਹੜੇ ਦਿਨ ਅਫਸਰ ਮਿਲੇਗਾ? ਉਨ੍ਹਾਂ ਕਿਹਾ ਕਿ ਇਥੇ ਪਹੁੰਚਣ ਤੇ ਪ੍ਰੇਸ਼ਾਨ ਲੋਕਾਂ ਨੇ ਦੱਸਿਆ ਕਿ ਆਰ. ਟੀ. ਏ. ਮੈਡਮ ਕੇਵਲ ਦੋ ਤਿੰਨ ਦਿਨ ਹੀ ਆਉਂਦੇ ਹਨ। ਸ. ਬਿੱਟੂ ਨੇ ਕਿਹਾ ਕਿ ਇਹ ਮਾਮਲਾ ਮੇਰੇ ਵਲੋਂ ਚੀਫ ਸੈਕਟਰੀ ਦੇ ਧਿਆਨ ’ਚ ਲਿਆਂਦਾ ਜਾਵੇਗਾ ਕਿ 7 ਜ਼ਿਲ੍ਹਿਆਂ ਦੀ ਕਮਾਨ ਕਿਵੇਂ ਸੰਭਾਲੀ ਜਾਵੇਗੀ ਤੇ ਸੰਬੰਧਤ ਆਰ. ਟੀ. ਏ. ਵਲੋਂ ਬਕਾਇਆ ਜ਼ੀਰੋ ਦਿਖਾਇਆ ਜਾ ਰਿਹਾ ਹੈ ਜਦਕਿ ਇਕ ਜ਼ਿਲ੍ਹਾ ਸਾਂਭਣ ਵਾਲੇ ਅਫਸਰਾਂ ਵੱਲ ਅਰਜ਼ੀਆਂ ਦਾ ਬਕਾਇਆ ਜ਼ਿਆਦਾ ਦਿਖਾਇਆ ਗਿਆ ਹੈ। ਸ. ਬਿੱਟੂ ਨੇ ਕਿਹਾ ਕਿ ਮੇਰੇ ਵਲੋਂ ਤਾਂ ਨਿੱਜੀ ਕੰਮ ਦੇ ਸੰਬੰਧਤ ਅਧਿਕਾਰੀ ਕੋਲ ਪਹੁੰਚਿਆ ਗਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਇਸ ਵਿਭਾਗ ਦੀ ਕਾਰਗੁਜਾਰੀ ਤੋਂ ਲੋਕੀ ਇਸ ਕਦਰ ਪ੍ਰੇਸ਼ਾਨ ਹਨ ਕਿ ਲੋਕਾਂ ਦੇ ਨਾਲ-ਨਾਲ ਮੀਡੀਆ ਨੇ ਵੀ ਇਹ ਸਾਫ ਕੀਤਾ ਕਿ ਕਿਸ ਤਰ੍ਹਾਂ ਏਜੰਟਗੀਰੀ ਦਾ ਬੋਲਬਾਲਾ ਹੈ ਤੇ ਕਿਸ ਤਰ੍ਹਾਂ ਅਧਿਕਾਰੀਆਂ ਵਲੋਂ ਧਮਕੀਆਂ ਅਤੇ ਰੋਅਬ ਭਰੇ ਵਤੀਰੇ ਨਾਲ ਅਰਜੀਕਰਤਾ ਨੂੰ ਡਰਾਇਆ ਜਾਂ ਧਮਕਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਸਾਹਮਣੇ ਵੀ ਜੇਕਰ ਆਰ. ਟੀ. ਏ. ਮੈਡਮ ਦਾ ਵਤੀਰਾ ਇਹ ਹੈ ਤਾਂ ਆਮ ਬੰਦੇ ਦੀ ਉਥੇ ਕੀ ਪੁੱਛ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਫਿਰ ਦੁਬਾਰਾ 15 ਦਿਨਾਂ ਬਾਅਦ ਇਥੇ ਆਵਾਂਗਾ ਤੇ ਇਹ ਯਕੀਨੀ ਬਣਾਵਾਂਗਾ ਕਿ ਹਫਤੇ ’ਚ ਘੱਟੋਂ ਘੱਟ ਦੋ ਦਿਨ ਤਾਂ ਆਰ. ਟੀ. ਏ. ਮੈਡਮ ਇਥੇ ਬੈਠਣ ਤੇ ਚੈਕਿੰਗ ਦਾ ਸਮਾਂ ਤਕੜ ਸਵੇਰ ਰੱਖਣ ਤਾਂ ਜੋ ਦਿਨ ਵੇਲੇ ਕੰਮ ਕਰਵਾਉਣ ਆਏ ਲੋਕਾਂ ਦਾ ਕੰਮ ਹੋ ਸਕੇ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਡਮ ਪੂਨਮਪ੍ਰੀਤ ਵਲੋਂ ਤਖਲੀ ਭਰੇ ਵਤੀਰੇ ਨਾਲ ਗੱਲ ਕੀਤੀ ਗਈ ਅਤੇ ਬਜੁਰਗ ਤੱਕ ਵੀ ਪੁੱਛ ਨਹੀਂ ਕੀਤੀ ਤਾਂ ਮੀਡੀਆ ਨੇ ਕਈ ਪਰਦੇ ਫਰੋਲੇ ਤੇ ਕਿਹਾ ਕਿ ਵਿਭਾਗ ਦੀ ਕਾਰਗੁਜਾਰੀ ਲੋਕਾਂ ਦੇ ਸਾਹਮਣੇ ਹੈ ਜਿਸ ਦਾ ਜਵਾਬ ਵਿਭਾਗ ਦੇ ਕਿਸੇ ਅਧਿਕਾਰੀ ਕੋਲ ਨਹੀਂ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪਣੇ ਕੰਮ ਸਰਕਾਰੀ ਫੀਸ ਦੇ ਕੇ ਹੀ ਕਰਵਾਉਣੇ ਹਨ ਅਤੇ ਲੋਕਾਂ ਨੂੰ ਏਜੰਟਗੀਰੀ ਵਲੋਂ ਕੀਤੀ ਲੁੱਟ ਅਤੇ ਪ੍ਰੇਸ਼ਾਨੀ ਦਾ ਸ਼ਿਕਾਰ ਕਿਉਂ ਹੋਣਾ ਪਵੇ। ਇਸ ਮੌਕੇ ਭਾਜਪਾ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਕੁਕਾ ਤੇ ਭਾਜਪਾ ਆਗੂ ਸਤਬੀਰ ਸਿੰਘ ਖੱਟੜਾ, ਦੀਪਕ ਬਾਂਸਲ, ਰਾਜੇਸ਼ ਅੱਤਰੀ ਮੌਜੂਦ ਰਹੇ।