ਲੋਕ ਜਨ ਸ਼ਕਤੀ ਪਾਰਟੀ (ਰਾਮਵਿਲਾਸ) ਵਲੋਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦਾ ਐਲਾਨ
ਸਨੌਰ, 12 ਨਵੰਬਰ (ਮੋਹਨ ਸਿੰਘ ਭੱਟੀ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਲੋਕ ਜਨ ਸ਼ਕਤੀ ਪਾਰਟੀ-ਰਾਮਵਿਲਾਸ (ਪਾਸਵਾਨ) ਨੇ ਸੂਬੇ ਦੀ ਸਿਆਸਤ ਵਿਚ ਸਰਗਰਮ ਹੁੰਦਿਆਂ ਚੋਣ ਬਿਗਲ ਵਜਾ ਦਿੱਤਾ ਹੈ। ਇਸ ਲੜੀ ਤਹਿਤ ਅੱਜ ਪਟਿਆਲਾ-ਦੇਵੀਗੜ੍ਹ ਰੋਡ ਸਥਿਤ ਸੰਨੀ ਇਨਕਲੇਵ ਵਿਖੇ ਪੰਜਾਬ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਪੰਜੇਟਾ ਦੇ ਮੁੱਖ ਦਫ਼ਤਰ ਦਾ ਉਦਘਾਟਨ ਪਾਰਟੀ ਦੇ ਕੇਂਦਰੀ ਜਨਰਲ ਸਕੱਤਰ ਅਤੇ ਪੰਜਾਬ ਤੇ ਚੰਡੀਗੜ੍ਹ ਇੰਚਾਰਜ ਡਾ.
ਸਨੌਰ, 12 ਨਵੰਬਰ (ਮੋਹਨ ਸਿੰਘ ਭੱਟੀ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਲੋਕ ਜਨ ਸ਼ਕਤੀ ਪਾਰਟੀ-ਰਾਮਵਿਲਾਸ (ਪਾਸਵਾਨ) ਨੇ ਸੂਬੇ ਦੀ ਸਿਆਸਤ ਵਿਚ ਸਰਗਰਮ ਹੁੰਦਿਆਂ ਚੋਣ ਬਿਗਲ ਵਜਾ ਦਿੱਤਾ ਹੈ। ਇਸ ਲੜੀ ਤਹਿਤ ਅੱਜ ਪਟਿਆਲਾ-ਦੇਵੀਗੜ੍ਹ ਰੋਡ ਸਥਿਤ ਸੰਨੀ ਇਨਕਲੇਵ ਵਿਖੇ ਪੰਜਾਬ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਪੰਜੇਟਾ ਦੇ ਮੁੱਖ ਦਫ਼ਤਰ ਦਾ ਉਦਘਾਟਨ ਪਾਰਟੀ ਦੇ ਕੇਂਦਰੀ ਜਨਰਲ ਸਕੱਤਰ ਅਤੇ ਪੰਜਾਬ ਤੇ ਚੰਡੀਗੜ੍ਹ ਇੰਚਾਰਜ ਡਾ. ਕੇ.ਪੀ. ਚੌਧਰੀ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਹਲਕਾ ਸਨੌਰ ਤੋਂ ਪਾਰਟੀ ਦੇ ਸੈਂਕੜੇ ਆਗੂ ਤੇ ਵਰਕਰ ਉਤਸ਼ਾਹ ਨਾਲ ਸ਼ਾਮਲ ਹੋਏ। ਉਦਘਾਟਨ ਉਪਰੰਤ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਇੰਚਾਰਜ ਡਾ. ਕੇ.ਪੀ. ਚੌਧਰੀ ਅਤੇ ਸੂਬਾ ਪ੍ਰਧਾਨ (ਵਪਾਰ ਵਿੰਗ) ਸੁਖਦੇਵ ਸਿੰਘ ਪੰਜੇਟਾ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਲੋਕ ਜਨ ਸ਼ਕਤੀ ਪਾਰਟੀ (ਰਾਮਵਿਲਾਸ) 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਆਪਣੇ ਚੋਣ ਨਿਸ਼ਾਨ ਹੇਠ ਉਮੀਦਵਾਰ ਮੈਦਾਨ ਵਿਚ ਉਤਾਰੇਗੀ। ਇਸ ਮੌਕੇ ਸੁਖਦੇਵ ਸਿੰਘ ਪੰਜੇਟਾ ਵਲੋਂ ਪੰਜਾਬ ਦੇ ਵੱਖ-ਵੱਖ ਵਿੰਗਾਂ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਤਕਸੀਮ ਕੀਤੇ ਗਏ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਦੇਵ ਸਿੰਘ ਪੰਜੇਟਾ ਨੇ ਸਪਸ਼ਟ ਕੀਤਾ ਕਿ ਬੇਸ਼ੱਕ ਕੇਂਦਰ ਵਿਚ ਲੋਕ ਜਨ ਸ਼ਕਤੀ ਪਾਰਟੀ ਐਨ.ਡੀ.ਏ. ਦਾ ਹਿੱਸਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਕੋਈ ਗਠਜੋੜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਅਤੇ ਭਾਜਪਾ ਦੇ ਅਸੂਲ ਵੱਖ-ਵੱਖ ਹਨ, ਜਿਸ ਕਾਰਨ ਪਾਰਟੀ ਇਕੱਲਿਆਂ ਚੋਣ ਲੜਨ ਲਈ ਤਿਆਰ-ਬਰ-ਤਿਆਰ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਚਿਰਾਗ਼ ਪਾਸਵਾਨ ਦੇ ਨਾਨਕੇ ਪੰਜਾਬ ਵਿਚ ਹੋਣ ਕਰਕੇ ਉਨ੍ਹਾਂ ਦਾ ਪੰਜਾਬ ਅਤੇ ਪੰਜਾਬੀਅਤ ਨਾਲ ਡੂੰਘਾ ਲਗਾਅ ਹੈ, ਜਿਸ ਸਦਕਾ ਉਹ ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਪੰਜੇਟਾ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਬਾਅਦ ਹੁਣ ਪਟਿਆਲਾ ਵਿਖੇ ਮੁੱਖ ਦਫ਼ਤਰ ਖੋਲ੍ਹ ਕੇ ਸੂਬੇ ਭਰ ਦੇ ਵਰਕਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਨਵੀਂ ਰਣਨੀਤੀ ਘੜੀ ਜਾਵੇਗੀ। ਇਸ ਉਪਰੰਤ ਸਥਾਨਕ ਹੋਟਲ ਇਕਬਾਲ ਇਨ ਵਿਖੇ ਸੂਬੇ ਭਰ ਤੋਂ ਪੁੱਜੇ ਸੂਬਾ ਤੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਕੇ.ਪੀ. ਚੌਧਰੀ ਅਤੇ ਸੁਖਦੇਵ ਸਿੰਘ ਪੰਜੇਟਾ ਨੇ ਆਖਿਆ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਹਰੇਕ ਵਰਕਰ ਨੂੰ ਜਥੇਬੰਦੀ ਅੰਦਰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਦੌਰਾਨ ਸੁਖਦੇਵ ਸਿੰਘ ਪੰਜੇਟਾ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਮੌਜੂਦਾ ਕਾਰਜਕਾਲ ਦੌਰਾਨ ਪੰਜਾਬ ਵਿਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣਾ ਜੀਵਨ ਬਰਬਾਦ ਕਰ ਰਹੀ ਹੈ, ਜਦਕਿ ਸਰਕਾਰ ਨਸ਼ਿਆਂ ’ਤੇ ਨੱਥ ਪਾਉਣ ਦੇ ਸਿਰਫ਼ ਖੋਖਲੇ ਦਾਅਵੇ ਕਰ ਰਹੀ ਹੈ। ਇਸ ਮੌਕੇ ਪੰਜਾਬ ਕਨਵੀਨਰ ਆਰ.ਪੀ. ਬਾਵਾ, ਸੀਨੀਅਰ ਮੀਤ ਪ੍ਰਧਾਨ ਰਮਨ ਭਾਰਦਵਾਜ, ਸੀਨੀਅਰ ਚੀਫ਼ ਸਕੱਤਰ ਪ੍ਰੇਮ ਸਿੰਘ ਸਫ਼ਰੀ, ਲੇਬਰ ਸੈੱਲ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ, ਯੂਥ ਸੈੱਲ ਪ੍ਰਧਾਨ ਖ਼ੁਸ਼ਬੂ ਮਿਸ਼ਰਾ, ਸਟੇਟ ਯੂਥ ਪ੍ਰਧਾਨ ਸੰਜੀਵ ਥਾਪਰ, ਕਿਸਾਨ ਸੈੱਲ ਪ੍ਰਧਾਨ ਧਰਮਿੰਦਰ ਮਿਸ਼ਰਾ, ਵੁਮੈਨ ਸੈੱਲ ਪੰਜਾਬ ਪ੍ਰਧਾਨ ਮੀਨੂੰ, ਐੱਸ.ਸੀ./ਐੱਸ.ਟੀ. ਸੈੱਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ, ਬਲਜਿੰਦਰ ਪੰਜੇਟਾ, ਬਿਕਰਮ ਬਾਜਵਾ, ਪ੍ਰੇਮ ਪੂਨੀਆਂ, ਰਿਤਿਕ ਸਚਦੇਵਾ ਅਤੇ ਬੀ.ਐੱਸ. ਕਸ਼ਯਪ (ਲੁਧਿਆਣਾ) ਸਮੇਤ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ।