ਸਨੌਰ ’ਚ ਭਾਜਪਾ ਦੀ ਵਿਸ਼ਾਲ ਰੈਲੀ, ਹਜ਼ਾਰਾਂ ਲੋਕਾਂ ਦੇ ਇਕੱਠ ਨੇ ਸਤਪਾਲ ਸਿੰਘ ਪੂਨੀਆ ਦੀ ਟਿਕਟ ਦਾਅਵੇਦਾਰੀ ਨੂੰ ਦਿੱਤੀ ਮਜ਼ਬੂਤੀ
ਸਨੌਰ, 21 ਨਵੰਬਰ (ਸੋਖਲ)-ਵਿਧਾਨ ਸਭਾ ਹਲਕਾ ਸਨੌਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਸਰਗਰਮੀ ਉਸ ਸਮੇਂ ਹੋਰ ਤੇਜ਼ ਹੋ ਗਈ, ਜਦੋਂ ਭਾਜਪਾ ਆਗੂ ਅਤੇ ਜੀਰਾਮਜੀ ਸੈੱਲ ਦੇ ਸੂਬਾ ਕਨਵੀਨਰ ਸਤਪਾਲ ਸਿੰਘ ਪੂਨੀਆ ਵਲੋਂ ਦਾਣਾ ਮੰਡੀ ਸਨੌਰ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਤੋਂ ਪਹਿਲਾਂ ਸਤਪਾਲ ਸਿੰਘ ਪੂਨੀਆ ਨੇ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਅਤੇ ਬਿਕਰਮਜੀਤ ਸਿੰਘ ਚੀਮਾ ਸਮੇਤ ਹਲਕੇ ਵਿਚ ਕਈ ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਿਆ।
ਸਨੌਰ, 21 ਨਵੰਬਰ (ਸੋਖਲ)-ਵਿਧਾਨ ਸਭਾ ਹਲਕਾ ਸਨੌਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਸਰਗਰਮੀ ਉਸ ਸਮੇਂ ਹੋਰ ਤੇਜ਼ ਹੋ ਗਈ, ਜਦੋਂ ਭਾਜਪਾ ਆਗੂ ਅਤੇ ਜੀਰਾਮਜੀ ਸੈੱਲ ਦੇ ਸੂਬਾ ਕਨਵੀਨਰ ਸਤਪਾਲ ਸਿੰਘ ਪੂਨੀਆ ਵਲੋਂ ਦਾਣਾ ਮੰਡੀ ਸਨੌਰ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਤੋਂ ਪਹਿਲਾਂ ਸਤਪਾਲ ਸਿੰਘ ਪੂਨੀਆ ਨੇ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਅਤੇ ਬਿਕਰਮਜੀਤ ਸਿੰਘ ਚੀਮਾ ਸਮੇਤ ਹਲਕੇ ਵਿਚ ਕਈ ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਿਆ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਲੋਕਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਰੈਲੀ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਕੱਠ ਨੂੰ ਸਤਪਾਲ ਸਿੰਘ ਪੂਨੀਆ ਦੀ ਹਲਕੇ ਵਿਚ ਸਿਆਸੀ ਸਰਗਰਮੀ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦੀ ਦਾਅਵੇਦਾਰੀ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਭਾਜਪਾ ਵਿਚ ਪਰਿਵਾਰਵਾਦ ਲਈ ਕੋਈ ਥਾਂ ਨਹੀਂ ਹੈ ਅਤੇ ਪਾਰਟੀ ਹਰੇਕ ਵਿਧਾਨ ਸਭਾ ਹਲਕੇ ਵਿਚ ਲੋਕਾਂ ਦੀ ਰਾਏ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਤਪਾਲ ਸਿੰਘ ਪੂਨੀਆ ਪਾਰਟੀ ਦੇ ਵਫ਼ਾਦਾਰ ਅਤੇ ਜੁਝਾਰੂ ਆਗੂ ਹਨ, ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਤਪਾਲ ਸਿੰਘ ਪੂਨੀਆ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਇਸੇ ਤਰ੍ਹਾਂ ਜਾਰੀ ਰੱਖਣੀ ਚਾਹੀਦੀ ਹੈ। ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਸਤਪਾਲ ਸਿੰਘ ਪੂਨੀਆ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਅਤੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਰਹਿਣ ਵਾਲੇ ਜੁਝਾਰੂ ਆਗੂ ਹਨ। ਭਾਜਪਾ ਆਗੂ ਸਤਬੀਰ ਸਿੰਘ ਖੱਟੜਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੀ ਰਾਹ ’ਤੇ ਲਿਆਉਣ ਲਈ ਭਾਜਪਾ ਹੀ ਸਮਰੱਥ ਹੈ। ਉਨ੍ਹਾਂ ਸਤਪਾਲ ਸਿੰਘ ਪੂਨੀਆ ਨੂੰ ਵਿਸ਼ਾਲ ਰੈਲੀ ਲਈ ਵਧਾਈ ਦਿੱਤੀ। ਰੈਲੀ ਦੌਰਾਨ ਭਾਜਪਾ ਟਰਾਂਸਪੋਰਟ ਸੈੱਲ ਦੇ ਕੋ-ਕਨਵੀਨਰ ਰਮੇਸ਼ ਕੁੱਕੂ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੌਲੀ, ਯੁਵਾ ਮੋਰਚਾ ਪ੍ਰਧਾਨ ਅਨੁਜ ਖੋਸਲਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ, ਵਰਕਰ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।