ਫ਼ਸਲ ਚੋਰੀ ਖ਼ਿਲਾਫ਼ ਢੀਂਗੀ ਦੇ ਦਲਿਤ ਮਜ਼ਦੂਰਾਂ ਨੇ ਐਸ.ਡੀ.ਐਮ. ਦਫ਼ਤਰ ਨਾਭਾ ਅੱਗੇ ਲਾਇਆ ਰੋਸ ਧਰਨਾ
ਨਾਭਾ, 23 ਨਵੰਬਰ (ਵਰਿੰਦਰ ਵਰਮਾ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਢੀਂਗੀ ਦੇ ਦਲਿਤ ਮਜ਼ਦੂਰਾਂ ਨੇ ਅੱਜ ਐਸ. ਡੀ.
ਨਾਭਾ, 23 ਨਵੰਬਰ (ਵਰਿੰਦਰ ਵਰਮਾ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਢੀਂਗੀ ਦੇ ਦਲਿਤ ਮਜ਼ਦੂਰਾਂ ਨੇ ਅੱਜ ਐਸ.ਡੀ.ਐਮ. ਦਫ਼ਤਰ ਨਾਭਾ ਅੱਗੇ ਰੋਸ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਮੇਟੀ ਦੇ ਵਿੱਤ ਸਕੱਤਰ ਧਰਮਵੀਰ ਹਰੀਗੜ੍ਹ ਅਤੇ ਬਲਾਕ ਪ੍ਰਧਾਨ ਜਗਰੂਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਢੀਂਗੀ ਵਿਚ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ‘ਤੇ ਮਜ਼ਦੂਰਾਂ ਵਲੋਂ ਬੀਜੀ ਗਈ ਝੋਨੇ ਦੀ ਫ਼ਸਲ ਕੁਝ ਅਖੌਤੀ ਚੌਧਰੀਆਂ ਵਲੋਂ ਚੋਰੀ ਕਰ ਲਈ ਗਈ। ਮਜ਼ਦੂਰਾਂ ਦਾ ਦੋਸ਼ ਹੈ ਕਿ ਇਸ ਸਬੰਧੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਮਜ਼ਦੂਰਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ। ਧਰਨੇ ਦੌਰਾਨ ਮਜ਼ਦੂਰ ਆਗੂਆਂ ਨੇ ਐਸਡੀਐਮ ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿਚ ਆਗੂਆਂ ਨੇ ਮੰਗ ਕੀਤੀ ਕਿ ਫ਼ਸਲ ਚੋਰੀ ਕਰਨ ਵਾਲੇ ਇੰਦਰਜੀਤ ਸਿੰਘ (ਪਿੰਡ ਦੁਲੱਦੀ), ਪ੍ਰਗਟ ਸਿੰਘ ਅਤੇ ਸਤਪਾਲ ਸਿੰਘ (ਪਿੰਡ ਪਹਾੜਪੁਰ) ਸਮੇਤ ਹੋਰ ਸ਼ਾਮਲ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਫ਼ਸਲ ਮਜ਼ਦੂਰਾਂ ਨੂੰ ਵਾਪਸ ਦਿਵਾਈ ਜਾਵੇ। ਪੰਚਾਇਤ ਸਕੱਤਰ ਜਸਵੰਤ ਸਿੰਘ ਰੋਹਟਾ ਵਿਰੁੱਧ ਗ਼ਲਤ ਬੋਲੀ ਕਰਵਾਉਣ ਦੇ ਦੋਸ਼ ਹੇਠ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਪਿੰਡ ਢੀਂਗੀ ਵਿੱਚ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੀਆਂ ਰਜਿਸਟਰੀਆਂ ਤੁਰੰਤ ਜਾਰੀ ਕੀਤੀਆਂ ਜਾਣ। ਐਸਡੀਐਮ ਨਾਭਾ ਨੇ ਮੰਗ ਪੱਤਰ ਪ੍ਰਾਪਤ ਕਰਕੇ ਮਜ਼ਦੂਰਾਂ ਨੂੰ ਭਰੋਸਾ ਦਿੱਤਾ। ਇਸ ਮੌਕੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਧਰਨੇ ਦੀ ਸਮਾਪਤੀ ਮੌਕੇ ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਉਕਤ ਜ਼ਮੀਨ ਵਿੱਚ ਅਗਲੀ ਫ਼ਸਲ ਮਜ਼ਦੂਰਾਂ ਵੱਲੋਂ ਹੀ ਬੀਜੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਮੰਡੌਰ, ਸੁਖਵਿੰਦਰ ਕੌਰ ਮੰਡੌਰ, ਦੇਵ ਸਿੰਘ ਹਰੀਗੜ੍ਹ, ਬੰਟੀ ਢੀਂਗੀ, ਅਮਰਜੀਤ ਸਿੰਘ ਢੀਂਗੀ ਅਤੇ ਜਸਪਾਲ ਸਿੰਘ ਢੀਂਗੀ ਸਮੇਤ ਵੱਡੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ।