ਮਿਸ਼ਨ 2027 : ਗੌਰਵ ਸੰਧੂ ਨੇ ਸਨੌਰ ਦੇ ਵਾਰਡ ਨੰਬਰ 6 ਦੇ ਵਾਸੀਆਂ ਨਾਲ ਕੀਤੀ ਅਹਿਮ ਮੁਲਾਕਾਤ
ਸਨੌਰ, 23 ਨਵੰਬਰ (ਮੋਹਣ ਸਿੰਘ ਭੱਟੀ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕੀਤੇ ਗਏ ‘ਮਿਸ਼ਨ 2027’ ਤਹਿਤ ਯੂਥ ਕਾਂਗਰਸੀ ਆਗੂ ਗੌਰਵ ਸੰਧੂ ਵਲੋਂ ਹਲਕਾ ਸਨੌਰ ’ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਲੜੀ ਤਹਿਤ ਅੱਜ ਉਨ੍ਹਾਂ ਨੇ ਸਨੌਰ ਸ਼ਹਿਰ ਦੇ ਵਾਰਡ ਨੰਬਰ 6 ਦੇ ਵਾਸੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਸਨੌਰ, 23 ਨਵੰਬਰ (ਮੋਹਣ ਸਿੰਘ ਭੱਟੀ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕੀਤੇ ਗਏ ‘ਮਿਸ਼ਨ 2027’ ਤਹਿਤ ਯੂਥ ਕਾਂਗਰਸੀ ਆਗੂ ਗੌਰਵ ਸੰਧੂ ਵਲੋਂ ਹਲਕਾ ਸਨੌਰ ’ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਲੜੀ ਤਹਿਤ ਅੱਜ ਉਨ੍ਹਾਂ ਨੇ ਸਨੌਰ ਸ਼ਹਿਰ ਦੇ ਵਾਰਡ ਨੰਬਰ 6 ਦੇ ਵਾਸੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਵਾਰਡ ਵਾਸੀਆਂ ਵਲੋਂ ਗੌਰਵ ਸੰਧੂ ਦੇ ਸਨਮਾਨ ’ਚ ਰੱਖੀ ਗਈ ਇਹ ਮੀਟਿੰਗ ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ਕਾਰਨ ਇਕ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ। ਇਸ ਮੌਕੇ ਵਾਰਡ ਵਾਸੀਆਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਪ੍ਰਤੀ ਆਪਣੀ ਡੂੰਘੀ ਨਾਰਾਜ਼ਗੀ ਜ਼ਾਹਿਰ ਕੀਤੀ। ਲੋਕਾਂ ਨੇ ਗੌਰਵ ਸੰਧੂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ। ਵਾਰਡ ਵਾਸੀਆਂ ਨੇ ਖ਼ਾਸ ਤੌਰ ’ਤੇ ਸ਼ਹਿਰ ਦੇ ਖ਼ਸਤਾ-ਹਾਲ ਸੀਵਰੇਜ ਸਿਸਟਮ ਅਤੇ ਟੁੱਟੀਆਂ ਹੋਈਆਂ ਗਲੀਆਂ ਦੀ ਮਾੜੀ ਹਾਲਤ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ। ਉਨ੍ਹਾਂ ਦੱਸਿਆ ਕਿ ਹਲਕੀ ਜਿਹੀ ਬਰਸਾਤ ਹੋਣ ’ਤੇ ਵੀ ਗਲੀਆਂ ’ਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਟਿੰਗ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਈਆਂ ਇਲਾਕੇ ਦੀਆਂ ਬੀਬੀਆਂ ਨੇ ਸਫ਼ਾਈ ਵਿਵਸਥਾ ਦੀ ਮਾੜੀ ਹਾਲਤ ’ਤੇ ਤਿੱਖਾ ਰੋਸ ਪ੍ਰਗਟ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਗਲੀਆਂ ’ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਨਗਰ ਕੌਂਸਲ ਵਲੋਂ ਕੂੜਾ ਸਮੇਂ ਸਿਰ ਨਹੀਂ ਚੁੱਕਿਆ ਜਾਂਦਾ, ਜਿਸ ਕਾਰਨ ਇਲਾਕੇ ’ਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਵਾਰਡ ਵਾਸੀਆਂ ਅਤੇ ਬੀਬੀਆਂ ਵਲੋਂ ਨਗਰ ਕੌਂਸਲ ਸਨੌਰ ਦੇ ਨਾਂ ਇਕ ਲਿਖਤੀ ਸ਼ਿਕਾਇਤ ਵੀ ਤਿਆਰ ਕਰਕੇ ਦਿੱਤੀ ਗਈ, ਤਾਂ ਜੋ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ। ਲੋਕਾਂ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਨ ਉਪਰੰਤ ਗੌਰਵ ਸੰਧੂ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਹਰ ਦੁੱਖ-ਸੁੱਖ ’ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ’ਚ ਆਈ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਵੀ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਗੌਰਵ ਸੰਧੂ ਨੇ ਐਲਾਨ ਕੀਤਾ ਕਿ 2027 ’ਚ ਸੂਬੇ ਅੰਦਰ ਸਰਕਾਰ ਬਣਨ ’ਤੇ ਪਹਿਲ ਦੇ ਆਧਾਰ ’ਤੇ ਪਿੰਡਾਂ ਦੀਆਂ ਪੰਚਾਇਤਾਂ ਦੀ ਹਾਲਤ ਸੁਧਾਰੀ ਜਾਵੇਗੀ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਦਾ ਸਰਬਪੱਖੀ ਵਿਕਾਸ ਕਰਵਾ ਕੇ ਉਨ੍ਹਾਂ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਵਾਰਡ ਵਾਸੀਆਂ ਵਲੋਂ ਗੌਰਵ ਸੰਧੂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਇਕੱਠ ਦੌਰਾਨ ਇਲਾਕੇ ਦੇ ਕਈ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ’ਚ ਮੁੱਖ ਤੌਰ ’ਤੇ ਜੱਗੀ ਨੰਬਰਦਾਰ, ਰਣਧੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸੁੱਖੀ (ਪ੍ਰਧਾਨ ਮੜ੍ਹੀ ਮੰਦਿਰ), ਕਰਮਾ ਸਿੰਘ ਐਮ.ਸੀ., ਬੰਟੀ (ਵਾਈਸ ਪ੍ਰਧਾਨ ਵਿਸ਼ਵਕਰਮਾ ਮੰਦਿਰ), ਬਿੱਲਾ ਜੱਟ, ਬਹਾਦਰ ਸਿੰਘ, ਅਜਾਇਬ ਗਿੱਲ, ਬਲਬੀਰ ਸਿੰਘ ਗਿੱਲ, ਜੰਗ ਸਿੰਘ, ਮਤੀਆ ਸਿੰਘ, ਰਾਜੂ ਧੀਮਾਨ ਅਤੇ ਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਵਾਰਡ ਨਿਵਾਸੀ ਮੌਜੂਦ ਸਨ।