ਸਾਦਿਕ, 3 ਜਨਵਰੀ (ਆਰ.ਐਸ.ਧੁੰਨਾ)-ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ 'ਚ ਤਬਦੀਲੀ ਕਰਕੇ ਮਨਰੇਗਾ ਦਾ ਨਾਮ ਬਦਲਣ ਅਤੇ 60-40 ਦੀ ਰੇਸ਼ੋ ਵਾਲਾ ਤੁਗਲਕੀ ਫੁਰਮਾਨ ਜਾਰੀ ਕਰਦਿਆਂ ਦੇਸ਼ ਭਰ ਦੇ ਕਰੋੜਾਂ ਮਜ਼ਦੂਰਾਂ ਦੇ ਹੱਕ 'ਤੇ ਡਾਕਾ ਮਾਰਿਆ ਹੈ | ਰਾਜਵਿੰਦਰ ਸਿੰਘ ਸ਼ਿਮਰੇਵਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਨੇ ਦੱਸਿਆ ਕਿ ਇਹ ਸਕੀਮ ਡਾ. ਮਨਮੋਹਨ ਸਿੰਘ ਦੀ ਅਗਵਾਈ 'ਚ ਯੂ.ਪੀ.ਏ ਸਰਕਾਰ ਨੇ ਸ਼ੁਰੂ ਕਰਕੇ ਦੇਸ਼ ਭਰ ਦੇ ਗਰੀਬਾਂ ਨੂੰ ਇਕ ਤੋਹਫਾ ਦਿੱਤਾ ਸੀ, ਜਿਸ ਨੂੰ ਹੁਣ ਭਾਜਪਾ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਦੀ ਰਾਖੀ ਕਰਨ 'ਤੇ ਲੱਗੀ ਹੋਈ ਹੈ, ਨੇ ਇਸ ਸਕੀਮ ਨੂੰ ਖ਼ਤਮ ਕਰਕੇ ਅੱਤ ਦਰਜੇ ਦਾ ਘਟੀਆ ਫ਼ੈਸਲਾ ਲਿਆ ਹੈ, ਨੂੰ ਰੱਦ ਕਰਵਾਉਣ ਲਈ ਕਾਂਗਰਸ ਪਾਰਟੀ ਨੇ ਦੇਸ਼ ਭਰ 'ਚ ਜੋ ਅੰਦੋਲਨ ਛੇੜਨ ਦਾ ਐਲਾਨ ਕੀਤਾ ਹੈ ਵਿਚ ਹਰ ਕਾਂਗਰਸੀ ਵਰਕਰ ਪੂਰਾ ਸਹਿਯੋਗ ਦੇਵੇਗਾ | ਉਨ੍ਹਾਂ ਕਿਹਾ ਕਿ ਜਿਥੇ ਭਾਰਤ ਸਰਕਾਰ ਨੇ ਇਹ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ, ਉਥੇ ਹੀ ਪੰਜਾਬ ਸਰਕਾਰ ਵੀ ਇਸ ਦੀ ਪੈਰਵਾਈ ਕਰਨ ਵਿਚ ਬਹੁਤ ਢਿੱਲੀ ਨਜ਼ਰ ਆਈ ਹੈ ਅਤੇ ਪੰਜਾਬ ਸਰਕਾਰ ਨੇ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ | ਜਿਹੜੀ ਬੀ.ਜੇ.ਪੀ ਸਰਕਾਰ ਦਲਿਤ ਵਰਗ ਨੂੰ ਗੁੰਮਰਾਹ ਕਰ ਰਹੀ ਸੀ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ | ਸੁਖਪਾਲ ਸਿੰਘ ਖਹਿਰਾ ਰਾਸ਼ਟਰੀ ਚੇਅਰਮੈਨ ਕਿਸਾਨ ਕਾਂਗਰਸ ਅਤੇ ਕਿਰਨਜੀਤ ਸਿੰਘ ਮਿੱਠਾ ਪੰਜਾਬ ਪ੍ਰਧਾਨ ਵਲੋਂ ਜ਼ਿਲ੍ਹਾ ਪ੍ਰਧਾਨਾਂ ਅਤੇ ਸੂਬੇ ਦੇ ਅਹੁਦੇਦਾਰਾਂ ਨੂੰ ਭਾਜਪਾ ਸਰਕਾਰ ਖ਼ਿਲਾਫ ਰੋਸ ਪ੍ਰਗਟ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ | ਇਸ ਮੌਕੇ ਪਗਰਟ ਸਿੰਘ ਵਿਰਕ ਜ਼ਿਲ੍ਹਾ ਜਰਨਲ ਸਕੱਤਰ, ਦਲਜੀਤ ਸਿੰਘ ਬਰਾੜ ਸਕੱਤਰ, ਨਰਿੰਦਪਾਲ ਸਿੰਘ ਮੀਤ ਪ੍ਰਧਾਨ, ਸੁਖਚਰਨ ਸਿੰਘ ਪੱਖੀ, ਤਰਲੋਚਨ ਸਿੰਘ ਮੱਲੇਵਾਲਾ ਸੂਬਾ ਸਕੱਤਰ ਕਿਸਾਨ ਕਾਂਗਰਸ, ਬਲਬੀਰ ਟੋਨੀ, ਜਗਸੀਰ ਸਿੰਘ ਸਿਮਰੇਵਾਲਾ ਐਸ.ਸੀ. ਵਿੰਗ, ਗੁਰਤਾਜ ਸਿੰਘ ਸੰਧੂ, ਜਸਮੀਤ ਸਿੰਘ ਬਰਾੜ, ਨੀਰਇੰਦਰ ਸਿੰਘ ਸੰਧੂ, ਸੁਰਜੀਤ ਸਿੰਘ ਜੰਡੋਕੇ, ਸਰਦੂਲ ਸਿੰਘ ਢਿੱਲੋਂ ਗੋਲੇਵਾਲਾ, ਗੁਰਮੀਤ ਸਿੰਘ ਝਾੜੀਵਾਲਾ, ਗੁਰਮੀਤ ਸਿੰਘ ਨੰਬਰਦਾਰ, ਹਰਨੀਤ ਸਿੰਘ ਜ਼ੈਲਦਾਰ, ਰਾਜਾ ਪੱਖੀ ਆਦਿ ਕਾਂਗਰਸੀ ਆਗੂ ਹਾਜ਼ਰ ਸਨ |