ਸ੍ਰੀ ਮੁਕਤਸਰ ਸਾਹਿਬ, 4 ਜਨਵਰੀ (ਰਣਜੀਤ ਸਿੰਘ ਢਿੱਲੋਂ)-ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਪੰਜਾਬ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਦੀ ਅਗਵਾਈ ਹੇਠ ਰੈੱਡ ਕਰਾਸ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਮੀਟਿੰਗ ਦੀ ਸ਼ੁਰੂਆਤ ਸਮੇਂ ਮਰਹੂਮ ਸੁਤੰਤਰਤਾ ਸੰਗਰਾਮੀ ਸੋਹਨ ਸਿੰਘ ਮਲੋਟ ਦੀ 19ਵੀਂ ਬਰਸੀ ਨੂੰ ਮਨਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪਿਛਲੇ ਦਿਨੀਂ ਵਿਛੜੇ ਹੋਏ ਸਾਥੀ ਮੁਖ਼ਤਿਆਰ ਸਿੰਘ ਧਿਗਾਣਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਅਸੀਂ ਆਪਣੇ ਪੁਰਖਿਆਂ ਦੇ ਦੱਸੇ ਮਾਰਗ 'ਤੇ ਚੱਲ ਕੇ ਲੋਕ ਭਲਾਈ ਦੇ ਹੱਕਾਂ ਦੀ ਰਾਖੀ ਲਈ ਅੱਗੇ ਵਧੀਏ | ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸੰਧੂ ਨੇ ਕਿਹਾ ਕਿ ਸੂਬਾ ਪ੍ਰਧਾਨ ਚੇਤਿੰਨ ਸਿੰਘ ਸੇਖੋਂ ਦੀ ਅਗਵਾਈ ਹੇਠ ਪਿਛਲੇ ਦਿਨੀਂ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਅਤੇ ਵਿਚਾਰ-ਵਟਾਂਦਰਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਵਾਰ-ਵਾਰ ਮੀਟਿੰਗ ਕਰਨ ਦਾ ਸਮਾਂ ਦੇ ਕੇ ਵੀ ਮੀਟਿੰਗ ਨਾ ਕਰਨ ਕਰਕੇ ਦੇਸ਼ ਭਗਤ ਪਰਿਵਾਰਾਂ 'ਚ ਰੋਸ ਹੈ, ਜਿਸ ਕਾਰਨ ਮਜ਼ਬੂਰ ਹੋ ਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ 7 ਜਨਵਰੀ ਤੱਕ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਸੰਵਿਧਾਨਕ ਹੱਕਾਂ ਲਈ ਮੰਗ ਪੱਤਰ ਭੇਜੇ ਜਾਣਗੇ ਅਤੇ 15 ਜਨਵਰੀ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਵਿਚ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ | 23 ਜਨਵਰੀ ਨੂੰ ਆ ਰਹੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਵੀ ਰੋਸ ਵਜੋਂ ਧਰਨੇ ਦੇ ਰੂਪ ਵਿਚ ਸੰਗਰੂਰ ਜ਼ਿਲ੍ਹੇ ਵਿਚ ਹੀ ਮਨਾਇਆ ਜਾਵੇਗਾ ਅਤੇ ਇਹ ਵੀ ਫ਼ੈਸਲਾ ਕੀਤਾ ਕਿ 26 ਜਨਵਰੀ ਗਣਤੰਤਰ ਦਿਵਸ ਸਮਾਗਮ 'ਤੇ ਝੰਡੇ ਨੂੰ ਸਲਾਮੀ ਜ਼ਰੂਰ ਦਿੱਤੀ ਜਾਵੇਗੀ, ਪਰ ਸਰਕਾਰ ਤੇ ਪ੍ਰਸ਼ਾਸਨ ਵਲੋਂ ਜੋ ਪਰਿਵਾਰਾਂ ਨੂੰ ਸਮਾਨ ਦਿੱਤਾ ਜਾਂਦਾ ਹੈ, ਉਹ ਨਹੀਂ ਲਿਆ ਜਾਵੇਗਾ, ਕਿਉਂਕਿ ਦੇਸ਼ ਭਗਤ ਪਰਿਵਾਰ ਸਾਮਾਨ ਨਹੀਂ ਸਨਮਾਨ ਚਾਹੁੰਦੇ ਹਨ, ਜੋ ਸਰਕਾਰ ਦੇਣਾ ਨਹੀਂ ਚਾਹੁੰਦੀ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸੰਧੂ, ਮੀਤ ਪ੍ਰਧਾਨ ਜਗਪ੍ਰੀਤ ਸਿੰਘ ਛਾਬੜਾ, ਜਨਰਲ ਸਕੱਤਰ ਬਲਜਿੰਦਰ ਸਿੰਘ ਮਧੀਰ, ਜ਼ਿਲ੍ਹਾ ਖ਼ਜ਼ਾਨਚੀ ਕੁਲਵੰਤ ਸਿੰਘ ਭਲਾਈਆਣਾ, ਸਕੱਤਰ ਸੁਭਾਸ ਬੱਬਰ, ਦਫ਼ਤਰ ਇੰਚਾਰਜ ਹਰਿੰਦਰ ਸਿੰਘ ਛਾਬੜਾ, ਅਮਰਜੀਤ ਸਿੰਘ ਬਾਵਾ, ਜਸਪ੍ਰੀਤ ਸਿੰਘ ਛਾਬੜਾ, ਜਗਤਾਰ ਸਿੰਘ, ਗੁਰਲਾਲ ਸਿੰਘ, ਮਨਪ੍ਰੀਤ ਸਿੰਘ, ਪਰਗਟ ਸਿੰਘ ਅਤੇ ਬਲਵਿੰਦਰ ਕੌਰ ਮਿੱਡਾ ਮੈਂਬਰ ਆਦਿ ਹਾਜ਼ਰ ਸਨ |