• ਮਨੋਰੰਜਨ ਮੇਲੇ 'ਚ ਝੂਲੇ ਅਤੇ ਹੋਰ ਸਾਮਾਨ ਦੀ ਫਿਟਿੰਗ ਜਾਰੀ • ਸਿਆਸੀ ਕਾਨਫ਼ਰੰਸਾਂ ਦੀ ਸਫ਼ਲਤਾ ਲਈ ਆਗੂ ਵੀ ਹੋਏ ਪੱਬਾਂ ਭਾਰ
ਸ੍ਰੀ ਮੁਕਤਸਰ ਸਾਹਿਬ, 4 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਪ੍ਰਸਿੱਧ ਮਾਘੀ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ | ਇਸ ਦੇ ਨਾਲ ਹੀ ਮਲੋਟ ਰੋਡ 'ਤੇ ਮੇਲਾ ਮੈਦਾਨ ਵਿਚ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਵੱਡੇ ਝੂਲਿਆਂ ਦੀ ਫਿਟਿੰਗ ਸ਼ੁਰੂ ਹੋ ਗਈ ਹੈ ਅਤੇ ਬੱਚਿਆਂ ਨੇ ਮਨੋਰੰਜਨ ਲਈ ਹੋਰ ਝੂਲੇ ਵੀ ਫਿੱਟ ਕੀਤੇ ਜਾ ਰਹੇ ਹਨ | ਇਸ ਸੰਬੰਧੀ ਕਾਰੀਗਰ ਦਿਨ-ਰਾਤ ਲੱਗੇ ਹੋਏ ਹਨ ਤਾਂ ਜੋ 10 ਜਨਵਰੀ ਤੱਕ ਮਨੋਰੰਜਨ ਮੇਲੇ ਨੂੰ ਚਲਾਇਆ ਜਾ ਸਕੇ | ਦੂਜੇ ਪਾਸੇ ਸਿਆਸੀ ਪਾਰਟੀਆਂ ਵਲੋਂ ਵੀ ਕਾਨਫ਼ਰੰਸਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਆਗੂਆਂ ਵਲੋਂ ਕਾਨਫ਼ਰੰਸਾਂ ਵਿਚ ਵੱਧ ਤੋਂ ਵੱਧ ਇਕੱਠ ਨੂੰ ਜਟਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮਲੋਟ ਰੋਡ ਬਾਈਪਾਸ ਵਿਖੇ ਵਿਸ਼ਾਲ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿਸ ਦੀ ਤਿਆਰੀ ਲਈ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਹੋਰ ਆਗੂਆਂ ਦੇ ਨਾਲ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਡੇਰਾ ਭਾਈ ਮਸਤਾਨ ਸਿੰਘ ਵਿਖੇ ਕਾਨਫ਼ਰੰਸ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਵੜਿੰਗ ਤੇ ਗੁਰਬਖ਼ਸ਼ ਸਿੰਘ ਰੂਬੀ ਬਰਾੜ ਮੈਂਬਰ ਵਰਕਿੰਗ ਕਮੇਟੀ ਨੇ ਦੱਸਿਆ ਕਿ ਇਸ ਮੀਟਿੰਗ ਨੂੰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਤੋਂ ਇਲਾਵਾ ਹੋਰ ਪੰਥਕ ਆਗੂ ਸੰਬੋਧਨ ਕਰਨਗੇ | ਇਸ ਕਾਨਫ਼ਰੰਸ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਭਾਵੇਂ ਕੋਈ ਸਿਆਸੀ ਕਾਨਫ਼ਰੰਸ ਨਹੀਂ ਕੀਤੀ ਜਾ ਰਹੀ, ਪਰ ਜਦੋਂ ਇਸ ਸੰਬੰਧੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਘੀ ਜੋੜ ਮੇਲੇ ਮੌਕੇ ਸੈਮੀਨਾਰ ਕਰਵਾਉਣ ਸੰਬੰਧੀ ਵਿਚਾਰ ਕੀਤਾ ਜਾ ਰਿਹਾ ਹੈ | ਇਸ ਤਰ੍ਹਾਂ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਵ-ਨਿਯੁਕਤ ਬੁਲਾਰੇ ਤੇਜਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਭੁੱਲਰ ਇੰਚਾਰਜ ਮੀਡੀਆ ਵਿੰਗ ਨੇ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਵੀ 14 ਜਨਵਰੀ ਨੂੰ ਮਾਘੀ ਜੋੜ ਮੇਲੇ 'ਤੇ ਵਿਸ਼ਾਲ ਕਾਨਫ਼ਰੰਸ ਕੀਤੀ ਜਾਵੇਗੀ, ਜਿਸ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ | ਦੂਜੇ ਪਾਸੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵਲੋਂ ਸਿਆਸੀ ਕਾਨਫ਼ਰੰਸਾਂ ਨਹੀਂ ਕੀਤੀਆਂ ਜਾ ਰਹੀਆਂ, ਪ੍ਰੰਤੂ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਮਾਘੀ ਜੋੜ ਮੇਲੇ ਮੌਕੇ ਸਿਆਸੀ ਕਾਨਫ਼ਰੰਸ ਕਰੇਗੀ | ਇਸ ਸੰਬੰਧੀ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਕੁਲਦੀਪ ਸਿੰਘ ਭੰਗੇਵਾਲਾ ਅਤੇ ਗੁਰਚਰਨ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ ਨੇ ਦੱਸਿਆ ਕਿ ਭਾਜਪਾ ਦੀ ਕਾਨਫ਼ਰੰਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ |
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ
ਅਜੀਤ ਡੈਸਕ
05-01-2026