ਮਲੋਟ, 4 ਫ਼ਰਵਰੀ (ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਦੀ ਸਿੱਖਿਆ ਪੱਖੀ ਸੋਚ ਅਤੇ ਵਿਦਿਆਰਥੀ ਹਿਤੈਸ਼ੀ ਨੀਤੀਆਂ ਨੂੰ ਮਜ਼ਬੂਤੀ ਦਿੰਦਿਆਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਲੋਟ ਖੇਤਰ ਦੇ ਕਈ ਸਰਕਾਰੀ ਸਕੂਲਾਂ ਵਿਚ ਏਅਰ ਕੰਡੀਸ਼ਨਰ (ਏ. ਸੀ.) ਸਥਾਪਿਤ ਕਰਵਾਏ ਗਏ ਹਨ | ਇਸ ਕਦਮ ਨਾਲ ਤਪਦੀ ਗਰਮੀ ਵਿਚ ਪੜ੍ਹ ਰਹੇ ਬੱਚਿਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਪੜ੍ਹਾਈ ਲਈ ਸੁਖਦਾਇਕ, ਸਿਹਤਮੰਦ ਅਤੇ ਅਨੁਕੂਲ ਮਾਹੌਲ ਉਪਲਬਧ ਹੋਵੇਗਾ | ਇਸ ਮੌਕੇ ਵੱਖ-ਵੱਖ ਸਕੂਲਾਂ ਵਿਚ ਅੱਜ ਇਨ੍ਹਾਂ ਏਅਰ ਕੰਡੀਸ਼ਨ ਮਸ਼ੀਨਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਦਾ ਭਵਿੱਖ ਸਾਡੇ ਹੱਥਾਂ ਵਿਚ ਹੈ, ਜੇ ਕਲਾਸ ਰੂਮ ਸੁਖਦਾਇਕ ਹੋਣ ਤਾਂ ਦਿਮਾਗ ਹੋਰ ਚੁਸਤ ਹੁੰਦਾ ਹੈ ਅਤੇ ਗਿਆਨ ਦੀ ਜੋਤ ਹੋਰ ਤੇਜ਼ੀ ਨਾਲ ਜਗਮਗਾਉਂਦੀ ਹੈ | ਪੰਜਾਬ ਸਰਕਾਰ ਦਾ ਮਕਸਦ ਸਿਰਫ਼ ਇਮਾਰਤਾਂ ਖੜੀਆਂ ਕਰਨਾ ਨਹੀਂ, ਸਗੋਂ ਬੱਚਿਆਂ ਦੇ ਸੁਪਨਿਆਂ ਲਈ ਮਜ਼ਬੂਤ ਨੀਂਹ ਰੱਖਣੀ ਹੈ | ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਦੌਰਾਨ ਵਿਦਿਆਰਥੀਆਂ ਦੀ ਸਿਹਤ ਅਤੇ ਧਿਆਨ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਸਿੱਖਣ ਦੀ ਸਮਰੱਥਾ ਘੱਟ ਸਕਦੀ ਹੈ | ਏਅਰ ਕੰਡੀਸ਼ਨਰਾਂ ਦੀ ਸਥਾਪਨਾ ਨਾਲ ਨਾ ਸਿਰਫ਼ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਸਗੋਂ ਅਧਿਆਪਕ ਵੀ ਪੂਰੀ ਤਨ, ਮਨ ਨਾਲ ਪੜ੍ਹਾਉਣ ਵਿਚ ਸਮਰੱਥ ਹੋਣਗੇ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਨੂੰ ਪ੍ਰਾਥਮਿਕਤਾ ਦੇ ਰਹੀ ਹੈ | ਸਕੂਲਾਂ ਵਿਚ ਆਧੁਨਿਕ ਸਹੂਲਤਾਂ, ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਸਮਾਰਟ ਕਲਾਸਰੂਮ, ਸਾਫ਼ -ਸੁਥਰੇ ਟਾਇਲਟ, ਪੀਣ ਵਾਲੇ ਪਾਣੀ ਦੀ ਸੁਵਿਧਾ ਅਤੇ ਹੁਣ ਏਅਰ ਕੰਡੀਸ਼ਨਰਾਂ ਵਰਗੀਆਂ ਸੁਵਿਧਾਵਾਂ ਨਾਲ ਸਰਕਾਰੀ ਸਕੂਲਾਂ ਦੀ ਤਸਵੀਰ ਬਦਲ ਰਹੀ ਹੈ | ਉਨ੍ਹਾਂ ਸਥਾਨਕ ਪ੍ਰਸ਼ਾਸਨ, ਸਕੂਲ ਪ੍ਰਬੰਧਨ ਅਤੇ ਸਿੱਖਿਆ ਵਿਭਾਗ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਂਝੀ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਅੱਜ ਮਲੋਟ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਲਈ ਹੋਰ ਬਿਹਤਰ ਮਾਹੌਲ ਤਿਆਰ ਹੋ ਰਿਹਾ ਹੈ | ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਿਯਮਿਤ ਤੌਰ 'ਤੇ ਸਕੂਲ ਭੇਜਣ ਅਤੇ ਸਰਕਾਰੀ ਸਕੂਲਾਂ 'ਤੇ ਭਰੋਸਾ ਕਰਨ |