ਮੋਗਾ, 4 ਫਰਵਰੀ (ਸੁਰਿੰਦਰਪਾਲ ਸਿੰਘ)-ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਿ੍ਸ਼ਨ ਸਿੰਘ ਦੁੱਗਾ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਤੇ ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ ਮੋਗਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬੀਤੇ 4 ਸਾਲਾਂ 'ਚ ਮੁਲਾਜ਼ਮ ਤੇ ਮਜ਼ਦੂਰ ਮਸਲਿਆਂ ਦੇ ਹੱਲ ਕਰਨ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ | ਇਸ ਆਮ ਆਦਮੀ ਪਾਰਟੀ ਨੇ ਸਰਕਾਰ 'ਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਜ਼ਦੂਰਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਜਿਸ 'ਚ ਪੇ ਕਮਿਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰ ਕੇ ਬਣਦੇ ਬਕਾਏ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਐਸ.ਸੀ./ਬੀ.ਸੀ. ਮੁਲਾਜ਼ਮਾਂ ਦੇ ਸੰਵਿਧਾਨਕ ਹੱਕਾਂ ਨੂੰ ਲਾਗੂ ਕਰਨਾ ਤੇ ਰਾਖਵਾਂਕਰਨ ਨੀਤੀ ਨੂੰ ਲਾਗੂ ਕਰਨਾ, ਮਜ਼ਦੂਰਾਂ ਦੀ ਦਿਹਾੜੀ ਦਰ ਵਿਚ ਵਾਧਾ ਕਰਨਾ, ਗ਼ੈਰ ਵਿੱਦਿਅਕ ਡਿਊਟੀਆਂ ਬੰਦ ਕਰਨਾ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਇਸ ਸਰਕਾਰ ਦੇ ਸਭ ਵਾਅਦੇ ਹਵਾ ਹਵਾਈ ਹੋ ਗਏ | ਸਰਕਾਰ ਨੇ ਨਾ ਤਾਂ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਹੈ, ਨਾ ਹੀ ਪੇ ਕਮਿਸ਼ਨ ਦਾ ਏਰੀਅਰ ਕਿਸੇ ਮੁਲਾਜ਼ਮ ਨੂੰ ਦਿੱਤਾ | ਇੱਥੋਂ ਤੱਕ ਕਿ ਇਸ ਸਰਕਾਰ ਨੇ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 16 ਫ਼ੀਸਦੀ ਡੀ.ਏ. ਦੀਆਂ ਕਿਸ਼ਤਾਂ ਹੀ ਜਾਰੀ ਨਹੀਂ ਕੀਤੀਆਂ ਤੇ ਨਾ ਹੀ ਕੋਈ ਬਕਾਏ ਬਾਰੇ ਪੱਤਰ ਜਾਰੀ ਕੀਤਾ ਹੈ | ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਮੁਲਾਜ਼ਮ, ਪੈਨਸ਼ਨਰ, ਮਜ਼ਦੂਰਾਂ ਤੇ ਵਿਦਿਆਰਥੀਆਂ ਦੇ ਮਸਲਿਆ ਦੇ ਹੱਲ ਲਈ ਕੀਤੇ ਜਾਣ ਵਾਲੇ ਸਾਂਝੇ ਸੰਘਰਸ਼ਾਂ 'ਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇਗਾ | ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਮਾਰਸ਼ਲ, ਹੈਪੀ ਸਿੰਘ ਮੋਗਾ, ਹਰਜਿੰਦਰ ਸਿੰਘ ਪੁਰਾਣੇ ਵਾਲਾ, ਕੁਲਦੀਪ ਸਿੰਘ ਦਾਤੇਵਾਲ, ਬੇਅੰਤ ਸਿੰਘ ਮੋਗਾ, ਗੁਰਬਿੰਦਰ ਸਿੰਘ ਖੋਟੇ, ਅਮਨਦੀਪ ਸਿੰਘ ਸਾਹੋਕੇ, ਬਸੰਤ ਸਿੰਘ ਪੱਤੋ, ਗੁਰਚਰਨ ਸਿੰਘ ਫ਼ੌਜੀ, ਬਲਦੇਵ ਸਿੰਘ ਕਿਸ਼ਨਪੁਰਾ, ਰਾਜਪਾਲ ਸਿੰਘ ਸ਼ੇਰਗਿੱਲ, ਨਾਇਬ ਸਿੰਘ ਡਾਲਾ, ਕੁਲਵਿੰਦਰ ਸਿੰਘ ਕੋਟ ਈਸੇ ਖਾਂ, ਰਣਦੀਪ ਸਿੰਘ ਮੋਗਾ, ਤਰਸੇਮ ਸਿੰਘ ਦੌਧਰ ਆਦਿ ਆਗੂ ਹਾਜ਼ਰ ਸਨ |