ਬੱਧਨੀ ਕਲਾਂ, 4 ਫਰਵਰੀ (ਸੰਜੀਵ ਕੋਛੜ)- ਨਸ਼ੇ ਦੇ ਸੌਦਾਗਰਾਂ, ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ, ਸਗੋਂ ਉਨ੍ਹਾਂ ਵਿਰੁੱਧ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਇਹ ਪ੍ਰਗਟਾਵਾ ਪੁਲਿਸ ਥਾਣਾ ਬੱਧਨੀ ਕਲਾਂ ਦੇ ਐਸ.ਐਚ.ਓ. ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ 'ਅਜੀਤ' ਦੇ ਪ੍ਰਤੀਨਿਧ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਡੀ.ਜੀ. ਪੰਜਾਬ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਜੇ ਗਾਂਧੀ ਜ਼ਿਲ੍ਹਾ ਪੁਲਿਸ ਮੁਖੀ, ਬਾਲ ਕ੍ਰਿਸ਼ਨ ਸ਼ਰਮਾ ਐਸ.ਪੀ. ਮੋਗਾ ਦੀ ਅਗਵਾਈ ਅਤੇ ਨਿਹਾਲ ਸਿੰਘ ਵਾਲਾ ਦੇ ਉਪ ਕਪਤਾਨ ਅਨਵਰ ਅਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਬੱਧਨੀ ਕਲਾਂ ਵਿਖੇ ਬੀਤੇ ਜਨਵਰੀ ਮਹੀਨੇ 'ਚ ਕੁੱਲ 14 ਮੁਕੱਦਮੇ ਦਰਜ ਕੀਤੇ, ਜਿਨ੍ਹਾਂ 'ਚੋਂ ਐਨ.ਡੀ.ਪੀ.ਐਸ. ਦੀਆਂ ਧਾਰਾਵਾਂ ਤਹਿਤ 13 ਮੁਕੱਦਮੇ ਦਰਜ ਕਰਕੇ ਨਸ਼ਾ ਸੌਦਾਗਰਾਂ 'ਤੇ ਕਾਰਵਾਈ ਕਰਨ ਤੋਂ ਇਲਾਵਾ ਅਦਾਲਤ ਵਲੋਂ ਵੱਖ-ਵੱਖ ਕੇਸਾਂ 'ਚ ਭਗੌੜਾ ਕਰਾਰ ਕੀਤੇ ਗਏ 10 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਏਨਾ ਹੀ ਨਹੀਂ ਸਗੋਂ ਜਨਵਰੀ ਮਹੀਨੇ 'ਚ 31 ਮੁਕੱਦਮਿਆਂ ਦਾ ਨਿਪਟਾਰਾ ਵੀ ਕੀਤਾ ਜਾ ਚੁੱਕਾ ਹੈ ਤੇ ਪੁਲਿਸ ਆਮ ਨਾਗਰਿਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ, ਉਨ੍ਹਾਂ ਅਜਿਹਾ ਘਿਨੌਣਾ ਕੰਮ ਕਰਨ ਵਾਲੇ ਵਿਅਕਤੀਆਂ ਦੀ ਜਾਣਕਾਰੀ ਦੇਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਦ ਕਰਦਿਆਂ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ |