ਰੁਪਾਣਾ, 5 ਮਾਰਚ (ਜਗਜੀਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰੁਪਾਣਾ ਆਗਮਨ ਦਿਹਾੜੇ ਨੂੰ ਯਾਦ ਕਰਦਿਆਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਜੋੜ ਮੇਲਾ ਕਰਵਾਇਆ ਗਿਆ | ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਤੇ ਚਾਰ ਸਾਹਿਬਜ਼ਾਦਿਆਂ ਦੀ ਅਗਵਾਈ 'ਚ ਪਿੰਡ ਰੁਪਾਣਾ ਵਿਖੇ ਨਗਰ ਕੀਰਤਨ ਸਜਾਇਆ ਗਿਆ | ਦੋ ਦਿਨ ਗੁਰੂ ਗੋਬਿੰਦ ਸਿੰਘ ਦੇ ਹਾਲ 'ਚ ਦੀਵਾਨ ਸਜਾਏ ਗਏ, ਜਿਸ 'ਚ ਭਾਈ ਜਗਤਾਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਹੈੱਡ ਗ੍ਰੰਥੀ ਜਗਬੀਰ ਸਿੰਘ ਦਰਬਾਰ ਸ੍ਰੀ ਮੁਕਤਸਰ ਸਾਹਿਬ, ਭਾਈ ਅਵਤਾਰ ਸਿੰਘ ਘਰਿਆਲਾ ਕਥਾਵਾਚਕ ਜੈਤੋ ਤੇ ਭਾਈ ਬੋਹੜ ਸਿੰਘ ਕਵਿਸ਼ਰੀ ਜਥੇ ਵਲੋਂ ਸੰਗਤਾਂ ਨੂੰ ਗੁਰੂਆਂ ਦੀ ਬਾਣੀ ਸੁਣਾ ਕੇ ਗੁਰੂ ਚਰਨਾਂ ਨਾਲ ਜੋੜੀ ਰੱਖਿਆ | ਤੀਜੇ ਦਿਨ ਗੁਰਦੁਆਰਾ ਸਾਹਿਬ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਜੋੜ ਮੇਲੇ 'ਚ ਪਹੁੰਚੀਆਂ ਸੰਗਤਾਂ ਲਈ ਅਤੁੱਟ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ | ਕਮੇਟੀ ਪ੍ਰਬੰਧਕਾਂ ਵਲੋਂ ਪਿੰਡ ਵਾਸੀਆਂ, ਸੰਗਤਾਂ, ਸੇਵਾਦਾਰਾਂ, ਬੀਬੀਆਂ, ਜਥੇਦਾਰਾਂ ਆਦਿ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਜੋੜ ਮੇਲੇ ਨੂੰ ਸਫ਼ਲ ਬਣਾਉਣ ਲਈ ਮੈਨੇਜਰ ਨਿਰਮਲ ਸਿੰਘ, ਇੰਸਪੈਕਟਰ ਜਗਦੇਵ ਸਿੰਘ, ਇੰਚਾਰਜ ਕੰਵਲਜੀਤ ਸਿੰਘ, ਗ੍ਰੰਥੀ ਸਤਿੰਦਰ ਸਿੰਘ, ਜਗਜੀਤ ਸਿੰਘ ਇੰਸਪੈਕਟਰ, ਮਨਦੀਪ ਸਿੰਘ, ਗੁਰਨਿਸ਼ਾਨ ਸਿੰਘ, ਗੁਰਦੇਵ ਸਿੰਘ, ਗਗਨਦੀਪ ਸਿੰਘ, ਹਰਜਿੰਦਰ ਸਿੰਘ ਖ਼ਾਲਸਾ, ਸਲਵਿੰਦਰ ਸਿੰਘ ਧਾਲੀਵਾਲ, ਬਿੰਦਰ ਸਿੰਘ ਆਦਿ ਨੇ ਸਹਿਯੋਗ ਦਿੱਤਾ |