ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਚ ਆਨਲਾਈਨ ਇਲਾਜ ਦੇ ਨਾਂਅ 'ਤੇ ਇਕ ਔਰਤ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਥਾਣਾ ਸਾਈਬਰ ਕਰਾਈਮ ਸ੍ਰੀ ਮੁਕਤਸਰ ਸਾਹਿਬ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਮੁੱਦਈ ਦੀਪਿਕਾ ਕੁੱਬਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਉਹ ਇਲਾਜ ਲਈ ਜਾਣਕਾਰੀ ਲੱਭ ਰਹੇ ਸਨ | ਇਸ ਦੌਰਾਨ 2 ਅਪ੍ਰੈਲ 2026 ਨੂੰ ਉਸ ਦੀ ਮਾਤਾ ਨੂੰ ਫੇਸਬੁੱਕ 'ਤੇ ਪਤੰਜਲੀ ਦੇ ਨਾਂਅ 'ਤੇ ਇਕ ਲਿੰਕ ਮਿਲਿਆ, ਜਿਸ 'ਤੇ ਕਲਿੱਕ ਕਰਨ 'ਤੇ ਇਕ ਫਾਰਮ ਖੁੱਲਿ੍ਹਆ | ਫਾਰਮ ਭਰਨ ਤੋਂ ਬਾਅਦ ਕੁਝ ਨਾਮਾਲੂਮ ਨੰਬਰਾਂ ਤੋਂ ਕਾਲਾਂ ਆਉਣ ਲੱਗ ਪਈਆਂ | ਕਾਲ ਕਰਨ ਵਾਲਿਆਂ ਨੇ ਇਲਾਜ ਅਤੇ ਰਹਿਣ ਦੀ ਸਹੂਲਤ ਦੇ ਨਾਂਅ 'ਤੇ ਪੈਸਿਆਂ ਦੀ ਮੰਗ ਕੀਤੀ | ਮੁੱਦਈ ਵਲੋਂ 4 ਅਪ੍ਰੈਲ ਤੋਂ 7 ਅਪ੍ਰੈਲ 2026 ਤੱਕ ਵੱਖ-ਵੱਖ ਖ਼ਾਤਿਆਂ ਰਾਹੀਂ ਗੂਗਲ ਪੇਅ ਅਤੇ ਯੂ.ਪੀ.ਆਈ. ਦੇ ਜ਼ਰੀਏ ਕੁੱਲ ਲੱਖਾਂ ਰੁਪਏ ਟਰਾਂਸਫ਼ਰ ਕਰ ਦਿੱਤੇ ਗਏ | ਦੋਸ਼ੀਆਂ ਵਲੋਂ ਬਾਅਦ ਵਿਚ ਹੋਰ ਰਕਮ ਦੀ ਮੰਗ ਕੀਤੀ ਗਈ, ਜਿਸ 'ਤੇ ਸ਼ੱਕ ਹੋਣ 'ਤੇ ਮੁੱਦਈ ਨੇ ਪਤੰਜਲੀ ਦੀ ਅਧਿਕਾਰਿਕ ਵੈੱਬਸਾਈਟ 'ਤੇ ਸੰਪਰਕ ਕੀਤਾ, ਤਾਂ ਪਤਾ ਲੱਗਿਆ ਕਿ ਉਸ ਨਾਲ ਠੱਗੀ ਹੋ ਚੁੱਕੀ ਹੈ | ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |