ਮਲੋਟ, 1 ਜੂਨ (ਅਜਮੇਰ ਸਿੰਘ ਬਰਾੜ)-ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ) ਦੇ ਪੰਜਾਬ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਮਾਲਵਾ ਜ਼ੋਨ ਕਮੇਟੀ ਦੇ ਚੇਅਰਮੈਨ ਸਵਰਨ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਪੰਜਾਬ ਦੇ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਕਿਰਤੀ ਮਜ਼ਦੂਰਾਂ ਦੇ 2018-19 ਪੋਟਰਲ ਦੇ ਰੋਕ ਰੱਖੇ ਕੰਮਾਂ ਸੰਬੰਧੀ ਮਲੋਟ ਇਫਟੂ ਦਫ਼ਤਰ ਵਿਚ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਚੇਅਰਮੈਨ ਜਗਸੀਰ ਸਿੰਘ ਪੰਨੀਵਾਲਾ ਫੱਤਾ, ਜ਼ਿਲ੍ਹਾ ਪ੍ਰਧਾਨ ਪਰਮਪਾਲ ਸਿੰਘ ਆਲਮਵਾਲਾ, ਸੂਬਾ ਕਮੇਟੀ ਮੈਂਬਰ ਦਲੀਪ ਕੁਮਾਰ, ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਧੂੜੀਆ ਪੰਨੀਵਾਲਾ ਫੱਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਰਤੀ ਮਜ਼ਦੂਰਾਂ ਦੇ 2018-19 ਪੋਰਟਲ ਦੇੇ ਕੰਮ ਰੋਕ ਰੱਖੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 18-19 ਦੇ ਪੋਰਟਲ ਖੋਲੇ੍ਹ ਜਾਣ ਅਤੇ ਜੋ ਐਕਸ ਗ੍ਰੇਸ਼ੀਆ ਫਾਰਮ ਕੋਰੋਨਾ ਕਾਲ ਦੌਰਾਨ ਵਿਚ ਨਹੀਂ ਭਰ ਸਕੇ, ਉਨ੍ਹਾਂ ਨੂੰ ਵੀ ਇਕ ਮੌਕਾ ਦਿੱਤਾ ਜਾਵੇ ਅਤੇ ਜੋ ਫਾਈਲਾਂ ਆਫ਼ਲਾਈਨ ਪਈਆਂ ਹਨ | ਆਗੂਆਂ ਨੇ ਦੱਸਿਆ ਕਿ ਆਫ਼ਲਾਈਨ ਬਾਰੇ ਵੀ ਡਿਪਟੀ ਸੈਕਟਰੀ ਮੋਹਾਲੀ ਕਿਰਤ ਭਵਨ ਵਿਖੇ ਮੰਗ ਪੱਤਰ ਕਈ ਵਾਰੀ ਦਿੱਤੇ ਗਏ ਹਨ, ਪਰ ਇਫਟੂ ਆਗੂਆਂ ਵਲੋਂ ਕਿਰਤੀ ਮਜ਼ਦੂਰਾਂ ਦੇ ਦਿੱਤੇ ਗਏ ਮੰਗ ਪੱਤਰਾਂ ਵੱਲ ਕੋਈ ਗੌਰ ਨਹੀਂ ਕੀਤੀ ਗਈ ਅਤੇ ਜੋ ਹੋਰ ਕੇਸ ਲੰਮੇ ਸਮੇਂ ਤੋਂ ਬਕਾਇਆ ਪਏ ਹਨ, ਉਨ੍ਹਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਦਿੱਤੇ ਗਏ ਮੰਗ ਪੱਤਰਾਂ ਦਾ ਆਉਣ ਵਾਲੇ ਸਮੇਂ ਵਿਚ ਕੋਈ ਹੱਲ ਨਾ ਕੀਤਾ ਗਿਆ ਤਾਂ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਮੁਜ਼ਾਹਰੇ ਕੀਤੇ ਜਾਣਗੇ | ਇਸ ਮੌਕੇ ਜ਼ਿਲ੍ਹਾ ਸਕੱਤਰ ਫ਼ਾਜ਼ਿਲਕਾ ਦਵਿੰਦਰ ਕੁਮਾਰ ਚੱਕ ਪੁੰਨਾ ਵਾਲਾ, ਸੀਨੀਅਰ ਆਗੂ ਦਰਸ਼ਨ ਸਿੰਘ ਘੱਗਾ, ਕੁਲਵੰਤ ਸਿੰਘ ਠੱਠੀ ਭਾਈ ਪ੍ਰਧਾਨ ਮੋਗਾ, ਮਨਦੀਪ ਸਿੰਘ ਪ੍ਰਧਾਨ ਕਰਮਗੜ੍ਹ, ਮਹਿੰਦਰ ਕੁਮਾਰ ਚੇਅਰਮੈਨ ਤਿਆਰੀ ਕਮੇਟੀ ਮਲੋਟ, ਸੀਨੀਅਰ ਆਗੂ ਜਗਸੀਰ ਸਿੰਘ ਡੈਨੀ ਮਲੋਟ, ਸੁਭਾਸ਼ ਕੁਮਾਰ ਪ੍ਰਧਾਨ ਅਬੋਹਰ, ਕਾਂਸ਼ੀ ਰਾਮ ਅਬੋਹਰ, ਜੈ ਪ੍ਰਕਾਸ਼ ਅਬੋਹਰ ਆਦਿ ਹਾਜ਼ਰ ਸਨ |