ਫ਼ਰੀਦਕੋਟ, 8 ਜੂਨ (ਸਰਬਜੀਤ ਸਿੰਘ)-ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀ ਹੜਤਾਲ ਅੱਜ 9ਵੇਂ ਦਿਨ ਵੀ ਜਾਰੀ ਰਹੀ | ਸਮੂਹ ਮੁਲਾਜ਼ਮਾਂ ਵਲੋ ਆਪਣਾ ਕੰਮਕਾਜ ਠੱਪ ਕਰਕੇ ਸਥਾਨਕ ਮਿੰਨੀ ਸਕੱਤਰੇਤ ਵਿਖੇ ਸੇਵਾ ਕੇਂਦਰ ਦੇ ਬਾਹਰ ਰੋਸ ਧਰਨਾ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ | ਧਰਨਾਕਾਰੀਆਂ ਨੇ ਠੇਕੇਦਾਰੀ ਸਿਸਟਮ ਖਤਮ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਅਧੀਨ ਲੈਣ ਦੀ ਮੰਗ ਕੀਤੀ | ਸੇਵਾ ਕੇਂਦਰਾਂ ਦਾ ਕੰਮ ਠੱਪ ਹੋਣ ਕਰ ਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਸੇਵਾ ਕੇਂਦਰ ਚਲਾ ਰਹੀ ਕੰਪਨੀ ਵਲੋਂ ਇਨ੍ਹਾਂ ਮੁਲਾਜ਼ਮਾਂ ਦੀ ਜਗ੍ਹਾ ਕੁਝ ਨਵੀਆਂ ਭਰਤੀਆਂ ਕੀਤੀਆਂ ਹਨ ਅਤੇ ਇਨ੍ਹਾਂ ਨਵੀ ਭਰਤੀ ਵਾਲੇ ਮੁਲਾਜ਼ਮਾਂ ਨੂੰ ਧਰਨਾਕਾਰੀ ਸੇਵਾ ਕੇਂਦਰਾਂ ਵਿਚ ਵੜਨ ਨਹੀਂ ਦੇ ਰਹੇ | ਜਿਸ ਕਾਰਨ ਸੇਵਾ ਕੇਂਦਰਾ ਦਾ ਕੰਮ ਅੱਜੇ ਤੱਕ ਚਲ ਨਹੀਂ ਸਕਿਆ | ਅੱਜ ਦੇ ਧਰਨੇ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਸਮਰਥਨ ਦਿੱਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਚੋਣ ਵਾਅਦਿਆਂ ਅਨੁਸਾਰ ਠੇਕੇਦਾਰੀ ਸਿਸਟਮ ਖਤਮ ਕਰਕੇ ਇਸ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਸਰਕਾਰ ਅਧੀਨ ਲਵੇ ਅਤੇ ਮੁਲਾਜ਼ਮਾਂ ਨੂੰ ਰੈਗੂਲਰ ਤੌਰ 'ਤੇ ਤਨਖਾਹਾਂ ਦਿੱਤੀਆਂ ਜਾਣ | ਧਰਨੇ ਨੂੰ ਸੰਬੋਧਨ ਕਰਦੇ ਹੋਏ ਖੁਸ਼ਪ੍ਰੀਤ ਸਿੰਘ ਪ੍ਰਧਾਨ, ਕਰਤਾਰ ਸਿੰਘ ਦਿਓਲ ਮੀਤ ਪ੍ਰਧਾਨ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਕੇਵਲ 10,000 ਰੁਪਏ ਮਹੀਨਾ ਤਨਖਾਹ 'ਤੇ ਕੰਮ ਕਰ ਰਹੇ ਹਨ | ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ | ਉਨ੍ਹਾਂ ਨੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਚੋਣ ਵਾਅਦਿਆਂ ਵਿਚ ਇਹ ਕਿਹਾ ਕਿ ਸਰਕਾਰ ਬਣਦੇ ਹੀ ਸੂਬੇ ਵਿਚ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ, ਪ੍ਰੰਤੂ ਸਰਕਾਰ ਦਾ ਸਮਾਂ ਚਾਰ ਸਾਲ ਤੋਂ ਵਧੇਰੇ ਹੋ ਚੁੱਕਾ ਹੈ, ਸਾਰੇ ਵਿਭਾਗਾਂ ਵਿਚ ਠੇਕੇਦਾਰੀ ਸਿਸਟਮ ਉਵੇਂ ਦਾ ਉਵੇਂ ਹੀ ਚੱਲ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਗੰਭੀਰਤਾ ਨਾਲ ਵਿਚਾਰੇ ਅਤੇ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਸਰਕਾਰ ਅੰਦਰ ਲਿਆ ਜਾਵੇ | ਅੱਜ ਦੇ ਧਰਨੇ ਨੂੰ ਵਿਚਾਰ ਮੋਰਚਾ ਫ਼ਰੀਦਕੋਟ ਦੇ ਕਨਵੀਨਰ ਕੁਲਦੀਪ ਸ਼ਰਮਾ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਮੱਲਾ, ਨੌਜਵਾਨ ਭਾਰਤ ਸਭਾ ਦੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਜ਼ੋਰਾ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਪੰਜਾਬ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ, ਸੁਖਮੰਦਰ ਸਿੰਘ ਰਾਮਸਰ, ਸੋਮਨਾਥ ਅਰੋੜਾ ਵਿੱਤ ਸਕੱਤਰ, ਪੰਜਾਬ ਸਟੂਡੈਂਜ਼ ਯੂਨੀਅਨ ਦੇ ਆਗੂ ਹਰਵੀਰ ਕੌਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਮਨ ਕੇ ਲਾਗੂ ਕਰੇ |