ਕੋਟਕਪੂਰਾ, 8 ਜੂਨ (ਮੇਘਰਾਜ)-ਕੋਟਕਪੂਰਾ-ਬਠਿੰਡਾ ਸੜਕ 'ਤੇ ਸਥਿਤ ਮੁਹੱਲਾ ਬਲਵੰਤ ਨਗਰ ਦੇ ਵਸਨੀਕ ਪ੍ਰੋ. ਰੁਲੀਆ ਸਿੰਘ ਸਿੱਧੂ (79) ਸੇਵਾ ਮੁਕਤ ਪਿ੍ੰਸੀਪਲ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੀ ਨਿਊਜ਼ੀਲੈਂਡ ਦੇ ਸ਼ਹਿਰ ਹਮਿਲਟਨ ਵਿਖੇ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ | ਉਹ 2004 'ਚ ਸੇਵਾ ਮੁਕਤੀ ਤੋਂ ਬਾਅਦ ਕਰੀਬ 22 ਸਾਲਾਂ ਤੋਂ ਪਰਿਵਾਰ ਸਮੇਤ ਵਿਦੇਸ਼ 'ਚ ਨਿਊਜ਼ੀਲੈਂਡ ਵਿਖੇ ਜੀਵਨ ਬਤੀਤ ਕਰ ਰਹੇ ਸਨ | ਨੇੜਲੇ ਪਿੰਡ ਪੰਜਗਰਾੲੀਂ ਕਲਾਂ ਦੇ ਜੰਮਪਲ ਪ੍ਰੋ. ਰੁਲੀਆ ਸਿੰਘ ਨੇ ਆਪਣੇ ਪਿੰਡ ਦੇ ਸਕੂਲ ਤੋਂ 10ਵੀਂ, ਜੀ.ਟੀ.ਬੀ ਰੋਡੇ ਤੋਂ ਗ੍ਰੈਜੂਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ ਪੰਜਾਬੀ ਅਤੇ ਐਮ ਲਿਟ ਵੀ ਕੀਤੀ | ਉਨ੍ਹਾਂ ਆਰੰਭ 'ਚ ਰੋਡ ਕਾਲਜ ਵਿਖੇ ਕੁਝ ਸਾਲ ਪੜ੍ਹਾਇਆ ਅਤੇ ਕਰੀਬ 21 ਸਾਲ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਪੰਜਾਬੀ ਦੇ ਪ੍ਰੋਫੈਸਰ ਰਹੇ | 2004 'ਚ ਉਹ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਪਿ੍ੰਸੀਪਲ ਵਜੋਂ ਸੇਵਾਵਾਂ ਤੋਂ ਸੇਵਾ ਮੁਕਤ ਹੋਏ | ਉਨ੍ਹਾਂ ਦੋ ਨਾਵਲ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਅਤੇ ਵੱਖ ਵੱਖ ਅਖਬਾਰਾਂ, ਰਸਾਲਿਆਂ ਵਿਚ ਵੀ ਉਨ੍ਹਾਂ ਦੇ ਲੇਖ ਛੱਪਦੇ ਰਹੇ | ਉਨ੍ਹਾਂ ਜਗਤ ਪ੍ਰਸਿੱਧ ਪੰਜਾਬੀ ਕਵੀ ਬਾਬਾ ਰਜਬ ਅਲੀ ਦੇ ਜੀਵਨ, ਕਿੱਸਾ ਕਾਵਿ, ਕਵੀਸ਼ਰੀ ਕਲਾ 'ਤੇ ਡੂੰਘੀ ਖੋਜ ਕਰਕੇ ਪੀ.ਐਚ.ਡੀ ਡਿਗਰੀ ਵੀ ਹਾਸਿਲ ਕੀਤੀ ਅਤੇ ਕਿੱਸਾ ਕਾਵਿ ਨੂੰ ਪਿੰਡਾਂ 'ਚੋਂ ਕੱਢ ਕੇ ਯੂਨੀਵਰਸਿਟੀਆਂ ਤੱਕ ਪਹੁੰਚਾਇਆ | ਮੁਹੱਲਾ ਬਲਵੰਤ ਨਗਰ ਵਿਖੇ ਸਭ ਤੋਂ ਪਹਿਲਾਂ ਮਕਾਨ ਵੀ ਪ੍ਰੋਫੈਸਰ ਸਾਹਿਬ ਨੇ ਬਣਾਇਆ ਅਤੇ ਆਪਣੇ ਦੋਸਤਾਂ ਨੂੰ ਵੀ ਪ੍ਰੇਰਿਆ | ਉਹ ਆਪਣਾ ਪਿੱਛੇ ਧਰਮਪਤਨੀ ਪਿ੍ੰ. ਗੁਰਮੀਤ ਕੌਰ, ਸਪੁੱਤਰ ਨਵਜੋਤ ਸਿੰਘ ਸਿੱਧੂ ਅਤੇ ਬਾਕੀ ਪਰਿਵਾਰ ਛੱਡ ਗਏ ਹਨ | ਉਨ੍ਹਾਂ ਦੀ ਮੌਤ 'ਤੇ ਬਲਵੰਤ ਨਗਰ, ਢਿੱਲੋਂ ਕਲੋਨੀ, ਪੰਜਗਰਾੲੀਂ ਕਲਾਂ, ਸ਼ਹਿਰ ਨਿਵਾਸੀਆਂ, ਉਨ੍ਹਾਂ ਦੇ ਦੋਸਤਾਂ ਮਿੱਤਰਾਂ, ਵਿਦਿਆਰਥੀਆ, ਸਾਹਿਤਕ ਹਸਤੀਆ ਨੇ ਦੁਖੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |