ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ)-29 ਮਈ ਨੂੰ ਆਏ 29 ਵਾਰਡਾਂ ਵਾਲੀ ਨਗਰ ਕੌਂਸਲ ਕੋਟਕਪੂਰਾ ਦੀੇ ਚੋਣ ’ਚ ਸੱਤ੍ਹਾਧਾਰੀ ਧਿਰ ਦੇ ਹਿੱਸੇ 21 ਕੌਂਸਲਰ ਜੇਤੂ ਰਹੇ ਸਨ, ਜਦ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ 5 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਹਿਜ਼ 3 ਕੌਂਸਲਰ ਜੇਤੂ ਰਹੇ ਸਨ। ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਸੱਤ੍ਹਾਧਾਰੀ ਧਿਰ ਦਾ ਹੀ ਬਣੇਗਾ। ਹੁਣ ਗੱਲ ਕਰੀਏ ਕਿ ਸੱਤ੍ਹਾਧਾਰੀ ’ਚੋਂ ਕਿਹੜਾ ਯੋਗ ਉਮੀਦਵਾਰ ਪ੍ਰਧਾਨ ਬਣੇਗਾ? ਨਗਰ ਕੌਂਸਲ ਕੋਟਕਪੂਰਾ ਦੀ ਪ੍ਰਧਾਨਗੀ ਹਾਸਿਲ ਕਰਨ ਦੀ ਦੌੜ ’ਚ ਸਭ ਤੋਂ ਚਰਚਿਤ ਨਾਮ ਸੁਤੰਤਰ ਜੋਸ਼ੀ ਦਾ ਸਾਹਮਣੇ ਆ ਰਿਹਾ ਹੈ, ਜੋ ਕਿ ਸ਼ਹਿਰ ਦੀ ਹੌਟ ਮੰਨੀ ਜਾ ਰਹੀ ਸੀਟ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤਣ ’ਚ ਸਫ਼ਲ ਹੋਏ ਹਨ। ਸ਼ਹਿਰ ਦੀਆਂ ਵਾਰਡ ਨੰਬਰ 10, 11 ਅਤੇ 16 ਸੀਟਾਂ ਉਪਰ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਸੁਤੰਤਰ ਜੋਸ਼ੀ ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰ ਹਨ, ਜਦਕਿ ਸਿਮਰਨਜੀਤ ਸਿੰਘ ਵਿਰਦੀ, ਗੁਰਪ੍ਰੀਤ ਸਿੰਘ ਗੈਰੀ ਵੜਿੰਗ ਅਤੇ ਅਨੰਤਦੀਪ ਸਿੰਘ ਰੋਮਾ ਬਰਾੜ ਵੀ ਪ੍ਰਧਾਨਗੀ ਦੀ ਦੌੜ ਵਿਚ ਸ਼ਾਮਿਲ ਹਨ। ਪਿਛਲੇ ਪੰਜ ਸਾਲ ਸੁਤੰਤਰ ਜੋਸ਼ੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਦਾਅਵੇਦਾਰਾਂ ਦੀ ਕਤਾਰ ’ਚ ਸ਼ਾਮਿਲ ਅਨੰਤਦੀਪ ਸਿੰਘ ਰੋਮਾ ਬਰਾੜ ਦੇ ਸਤਿਕਾਰਤ ਸੁਰਿੰਦਰਪਾਲ ਕੌਰ ਬਰਾੜ ਮੀਤ ਪ੍ਰਧਾਨ ਦੇ ਅਹੁਦੇ ’ਤੇ ਰਹੇ ਹਨ। ਇਸ ਦੌਰਾਨ ਇਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਨਿੱਜੀ ਦਿਲਚਸਪੀ ਲੈ ਕੇ ਹੱਲ ਕਰਵਾਇਆ ਹੈ। ਸੁਤੰਤਰ ਜੋਸ਼ੀ ਹੁਰਾਂ ਦੀ ਪ੍ਰਧਾਨਗੀ ਦੀ ਦੌੜ ’ਚ ਮਜ਼ਬੂਤ ਦਾਅਵੇਦਾਰੀ ਇਸ ਕਰਕੇ ਵੀ ਵਧੇਰੇ ਦਿਲਚਸਪ ਅਤੇ ਮਜ਼ਬੂਤ ਸਮਝੀ ਜਾ ਰਹੀ ਹੈ, ਕਿਉਂ ਜੋ ਜੇਤੂ ਕੌਂਸਲਰਾਂ ’ਚ ਉਨ੍ਹਾਂ ਦੇ ਸਤਿਕਾਰਤ ਭਰਜਾਈ ਵਿਜੇ ਪ੍ਰੀਤ ਜੋਸ਼ੀ ਅਤੇ ਬੇਟਾ ਨਿੱਪੀ ਜੋਸ਼ੀ ਇਕ ਪਰਿਵਾਰ ਦੇ ਹੀ ਜੇਤੂ ਤਿੰਨ ਕੌਂਸਲਰ ਹਨ ਅਤੇ ਤਿੰਨੇ ਹੀ ਸੱਤ੍ਹਾਧਾਰੀ ਧਿਰ ਨਾਲ ਸਬੰਧ ਰੱਖਦੇ ਹਨ। ਸ਼ਹਿਰ ਨਿਵਾਸੀ ਓਸ ਗੱਲ ਨੂੰ ਵੀ ਨਹੀਂ ਭੁੱਲੇ, ਜਦ ਪਿਛਲੇ ਸਾਲ ਬਾਰਸ਼ਾਂ ਦੇ ਦਿਨਾਂ ’ਚ ਕੋਟਕਪੂਰਾ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ, ਬਾਜ਼ਾਰਾਂ ਅਤੇ ਮੁਹੱਲਿਆਂ ’ਚੋਂ ਪਾਣੀ ਕਿਸੇ ਪਾਸੇ ਨਹੀਂ ਨਿਕਲ ਰਿਹਾ ਸੀ ਅਤੇ ਸ਼ਹਿਰ ਨਿਵਾਸੀ ਸਮੱਸਿਆਵਾਂ ’ਚ ਘਿਰੇ ਹੋਏ ਮਹਿਸੂਸ ਕਰ ਰਹੇ ਹਨ। ਸ਼ੋਸ਼ਲ ਮੀਡੀਏ ’ਚ ਵੀ ਕੋਟਕਪੂਰਾ ਸ਼ਹਿਰ ਇਸ ਕਾਰਨ ਕਾਫ਼ੀ ਚਰਚਾ ’ਚ ਆਇਆ ਸੀ। ਉਸ ਸਮੇਂ ਸ਼ਹਿਰ ਦੇ ਲੋਕਾਂ ਨੂੰ ਬਾਰਸ਼ ਦੇ ਪਾਣੀ ਤੋਂ ਨਿਜਾਤ ਦਿਵਾਉਣ ਲਈ ਸੁਤੰਤਰ ਜੋਸ਼ੀ ਹੁਰਾਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸੰਜੀਦਾ ਢੰਗ ਨਾਲ ਕੰਮ ਕੀਤਾ ਸੀ। ਸੁਤੰਤਰ ਜੋਸ਼ੀ ਦਾ ਕਹਿਣਾ ਹੈ ਕਿ ਉਹ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਅਤੇ ਸਮੱਸਿਆਵਾਂ ਦਾ ਪੱਕੇ ਤੌਰ ’ਤੇ ਹੱਲ ਕਰਨਾ ਚਾਹੁੰਦੇ ਹਨ। ਦੂਜੀ ਵਾਰ ਕੌਂਸਲਰ ਬਣੇ ਸਿਮਰਨਜੀਤ ਸਿੰਘ ਵਿਰਦੀ ਅਤੇ ਨਿਰਵਿਰੋਧ ਕੌਂਸਲਰ ਬਣੇ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਵੀ ਪ੍ਰਧਾਨਗੀ ਪਦ ਲਈ ਆਪਣਾ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਉਕਤ ਸਾਰੇ ਪ੍ਰਮੁੱਖ ਦਾਅਦੇਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਅਤਿ ਨਜ਼ਦੀਕੀ ਸਾਥੀ ਸਮਝੇ ਜਾ ਰਹੇ ਹਨ। ਹਾਲ ਦੀ ਘੜੀ ਇਹ ਗੱਲ ਭਵਿੱਖ ਦੇ ਗਰਭ ’ਚ ਮਹਿਫ਼ੂਜ ਹੈ ਕਿ ਕਿਸ ਦੇ ਸਿਰ ਨਗਰ ਕੌਂਸਲ ਕੋਟਕਪੂਰਾ ਦੀ ਪ੍ਰਧਾਨਗੀ ਦਾ ਤਾਜ ਸੱਜਦਾ ਹੈ। ਦੂਜੇ ਪਾਸੇ ਸਪੀਕਰ ਸੰਧਵਾਂ ਲਈ ਵੀ ਇਹ ਚੋਣ ਕਰਨਾ ਕਾਫ਼ੀ ਫ਼ੈਸਲਾਕੁੰਨ ਹੋਵੇਗਾ ਕਿ ਕਿਸ ਦੂਰਅੰਦੇਸ਼ੀ ਰਾਜਸੀ ਸਮਝ ਨੂੰ ਅਪਣਾ ਕੇ ਇਸ ਦਾ ਫ਼ੈਸਲਾ ਕੀਤਾ ਜਾਵੇ।