ਫ਼ਰੀਦਕੋਟ, 11 ਜੁਲਾਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਇਕ ਮਹੀਨੇ ਦੌਰਾਨ ਯੂਨੀਵਰਸਿਟੀ ਵਲੋਂ ਕਰਵਾਈਆਂ ਗਈਆਂ ਅਕਾਦਮਿਕ ਅਤੇ ਸਕਿੱਲਿੰਗ ਗਤੀਵਿਧੀਆਂ ਸਫ਼ਲਤਾ ਪੂਰਵਕ ਆਪਣੇ ਸਿੱਟੇ ’ਤੇ ਪਹੁੰਚੀਆਂ ਹਨ, ਜਿਨ੍ਹਾਂ ਨੇ ਪੰਜਾਬ ਦੇ ਹੈਲਥ ਕੇਅਰ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਉਦੇਸ਼ ਸਿਰਫ਼ ਪੰਜਾਬ ਜਾਂ ਭਾਰਤ ਤੱਕ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆ ਵਿਚ ਕੰਪੀਟੈਂਸੀ ਬੇਸਡ ਅਤੇ ਸਕਿੱਲ ਬੇਸਡ ਐਜੂਕੇਸ਼ਨ ਨੂੰ ਪ੍ਰੋਤਸਾਹਿਤ ਕਰਨਾ ਹੈ। ਅੱਜ ਦੀ ਮੈਡੀਕਲ ਸਿੱਖਿਆ ਵਿਚ ਹਰ ਵਿਦਿਆਰਥੀ ਅਤੇ ਹੈਲਥ ਕੇਅਰ ਪ੍ਰੋਫੈਸ਼ਨਲ ਲਈ ਲੋੜੀਂਦੀਆਂ ਕੰਪੀਟੈਂਸੀਜ਼ ਨੂੰ ਵਿਕਸਿਤ ਕਰਨਾ ਸਭ ਤੋਂ ਮਹੱਤਵਪੂਰਨ ਹੈ। ਚਾਹੇ ਮਰੀਜ਼ ਦਾ ਬਲੱਡ ਪ੍ਰੈਸ਼ਰ ਮਾਪਣਾ ਹੋਵੇ ਜਾਂ ਰੋਬੋਟਿਕ ਸਰਜਰੀ, ਅਲਟਰਾਸਾਊਂਡ ਗਾਈਡਡ ਇੰਟਰਵੈਂਸ਼ਨ, ਲੈਪਰੋਸਕੋਪੀ, ਆਈ.ਵੀ.ਐੱਫ., ਟਰਾਂਸਪਲਾਂਟ ਜਾਂ ਆਰਥੋਪੀਡਿਕ ਸਰਜਰੀ, ਹਰ ਪ੍ਰਕਿਰਿਆ ਲਈ ਵਿਗਿਆਨਕ ਅਤੇ ਹੱਥੋਂ-ਹੱਥ ਸਿਖਲਾਈ ਲਾਜ਼ਮੀ ਹੈ। ਪ੍ਰੋ. ਸੂਦ ਨੇ ਦੱਸਿਆ ਕਿ ਹਾਲ ਹੀ ਵਿਚ ਕਰਵਾਏ ਗਏ ਸਿਮੂਵਰਸ–2026 ਦੌਰਾਨ ਦੇਸ਼ ਭਰ ਤੋਂ ਆਏ ਟਰੇਨਰਾਂ ਅਤੇ ਟਰੇਨੀਜ਼ ਨੂੰ ਹਾਈ ਫਿਡੈਲਿਟੀ, ਏ.ਆਈ. ਇਨੇਬਲਡ ਸਿਮੂਲੇਟਰਜ਼ ਅਤੇ ਮੈਨਿਕਿਨਜ਼ ਰਾਹੀਂ ਪ੍ਰੈਕਟੀਕਲ ਟਰੇਨਿੰਗ ਦਿੱਤੀ ਗਈ। ਇਹ ਆਧੁਨਿਕ ਸਿਮੂਲੇਟਰਜ਼ ਬਿਲਕੁਲ ਅਸਲੀ ਮਰੀਜ਼ ਵਾਂਗ ਪ੍ਰਤੀਕਿਰਿਆ ਦਿੰਦੇ ਹਨ, ਜਿਸ ਨਾਲ ਡਾਕਟਰ, ਨਰਸਾਂ ਅਤੇ ਹੋਰ ਹੈਲਥ ਕੇਅਰ ਪ੍ਰੋਫੈਸ਼ਨਲ ਅਸਲ ਮਰੀਜ਼ ’ਤੇ ਕੰਮ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਮਾਹਰ ਬਣ ਸਕਦੇ ਹਨ। ਇਸ ਨਾਲ ਮਰੀਜ਼ਾਂ ਦੀ ਸੁਰੱਖਿਆ ਯਕੀਨੀ ਬਣਦੀ ਹੈ ਅਤੇ ਇਲਾਜ ਦੀ ਗੁਣਵੱਤਾ ਵਿਚ ਵੀ ਵੱਡਾ ਸੁਧਾਰ ਆਉਂਦਾ ਹੈ। ਇਸ ਮੌਕੇ ਪ੍ਰੋ. ਸੂਦ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਉੱਚ ਸਿੱਖਿਆ ਅਤੇ ਨਵੀਨਤਾ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਰਾਸ਼ਟਰੀ ਪੱਧਰ ’ਤੇ ਵਾਈਸ ਚਾਂਸਲਰ ਆਫ਼ ਦਿ ਈਅਰ–2026 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਮੂਹ ਪਰਿਵਾਰ ਦਾ ਸਨਮਾਨ ਹੈ ਅਤੇ ਇਸ ਨਾਲ ਯੂਨੀਵਰਸਿਟੀ ਦਾ ਨਾਮ ਦੇਸ਼ ਭਰ ਦੀਆਂ ਲਗਪਗ 1400 ਯੂਨੀਵਰਸਿਟੀਆਂ ਵਿਚ ਹੋਰ ਉੱਚਾ ਹੋਇਆ ਹੈ। ਅੰਤ ਵਿਚ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਭਵਿੱਖ ਵਿਚ ਵੀ ਕੰਪੀਟੈਂਸੀ ਬੇਸਡ, ਟੈਕਨੋਲੋਜੀ ਡ੍ਰਿਵਨ, ਸਿਮੂਲੇਸ਼ਨ ਬੇਸਡ ਅਤੇ ਗਲੋਬਲ ਸਟੈਂਡਰਡਜ਼ ਅਨੁਸਾਰ ਮੈਡੀਕਲ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਿਰੰਤਰ ਕੰਮ ਕਰਦੀ ਰਹੇਗੀ।