ਲੈਕਚਰਾਰਾਂ ਦੀ ਭਰਤੀ ’ਚ ਐਸ.ਸੀ., ਬੀ.ਸੀ. ਉਮੀਦਵਾਰਾਂ ਨੂੰ ਬਣਦਾ ਰਾਖਵਾਂ ਕੋਟਾ ਨਾ ਦੇਣਾ ਬੇਹੱਦ ਮੰਦਭਾਗਾ-ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਥਰਾਜ
ਸਰਕਾਰ ਨੇ ਤੁਰੰਤ ਕਦਮ ਨਾ ਚੁੱਕਿਆ ਤਾਂ ਵਿੱਢਿਆ ਜਾਵੇਗਾ ਸੰਘਰਸ਼
ਠੱਠੀ ਭਾਈ, 23 ਅਗਸਤ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਐਸ. ਸੀ.
ਠੱਠੀ ਭਾਈ, 23 ਅਗਸਤ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਥਰਾਜ ਨੇ ਪੰਜਾਬ ਸਰਕਾਰ ਵਲੋਂ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿਚ ਰਾਖਵੀਂਆਂ ਸ਼੍ਰੇਣੀਆਂ ਨੂੰ ਬਣਦਾ ਕੋਟਾ ਨਾ ਦਿੱਤੇ ਜਾਣ ‘ਤੇ ਗੰਭੀਰ ਇਤਰਾਜ਼ ਪ੍ਰਗਟਾਇਆ ਹੈ। ਪ੍ਰਧਾਨ ਥਰਾਜ ਨੇ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਵਿਚ ਐਸ.ਸੀ. ਅਤੇ ਬੀ.ਸੀ. ਵਰਗਾਂ ਦੇ ਉਮੀਦਵਾਰਾਂ ਨਾਲ ਰਾਖਵੇਂਕਰਨ ਦੇ ਹੱਕਾਂ ਸਬੰਧੀ ਅਨਿਆਂ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਰਿਕਾਰਡ ਜਨਤਕ ਕੀਤੇ ਬਿਨਾਂ ਭਰਤੀ ਵਿਚ ਰਾਖਵਾਂਕਰਨ ਲਾਗੂ ਨਾ ਕਰਨ ਸਬੰਧੀ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮਾਮਲੇ ਸਬੰਧੀ ਜਥੇਬੰਦੀਆਂ ਦੇ ਆਗੂ ਵਾਰ-ਵਾਰ ਸਿੱਖਿਆ ਵਿਭਾਗ ਅਤੇ ਭਲਾਈ ਵਿਭਾਗ ਨਾਲ ਮੀਟਿੰਗਾਂ ਕਰ ਰਹੇ ਹਨ, ਪਰ ਅਜੇ ਤੱਕ ਕੋਈ ਸਾਰਥਿਕ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਛੇ ਵਿਸ਼ਿਆਂ ਵਿਚ ਐਸ.ਸੀ. ਅਤੇ ਬੀ.ਸੀ. ਉਮੀਦਵਾਰਾਂ ਲਈ ਰਾਖਵਾਂ ਕੋਟਾ ਜ਼ੀਰੋ ਰੱਖੇ ਜਾਣ ‘ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਸੰਵਿਧਾਨਕ ਵਿਵਸਥਾ ਦਾ ਅਹਿਮ ਹਿੱਸਾ ਹੈ ਅਤੇ ਕਿਸੇ ਵੀ ਵਰਗ ਦੇ ਬਣਦੇ ਸੰਵਿਧਾਨਕ ਹੱਕਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਮਾਮਲੇ ਵਿਚ ਸਿੱਖਿਆ ਵਿਭਾਗ ਅਤੇ ਭਲਾਈ ਵਿਭਾਗ ਦੀ ਕਾਰਗੁਜ਼ਾਰੀ ਵੀ ਜਾਂਚ ਦੇ ਘੇਰੇ ਵਿਚ ਆਉਂਦੀ ਹੈ। ਪ੍ਰਧਾਨ ਥਰਾਜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੈਕਚਰਾਰਾਂ ਦੀ ਭਰਤੀ ਵਿਚ ਰਾਖਵੇਂਕਰਨ ਦੀ ਵਿਵਸਥਾ ਦੀ ਤੁਰੰਤ ਸਮੀਖਿਆ ਕਰਕੇ ਐਸ.ਸੀ., ਬੀ.ਸੀ. ਅਤੇ ਹੋਰ ਰਾਖਵੀਂਆਂ ਸ਼੍ਰੇਣੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ‘ਤੇ ਜਲਦ ਕੋਈ ਸਕਾਰਾਤਮਿਕ ਅਤੇ ਨਿਆਂਸੰਗਤ ਕਦਮ ਨਾ ਚੁੱਕਿਆ ਤਾਂ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਵਲੋਂ ਇਸ ਮਾਮਲੇ ਨੂੰ ਲੈ ਕੇ ਸੰਵਿਧਾਨਕ ਅਤੇ ਲੋਕਤੰਤਰਿਕ ਢੰਗ ਨਾਲ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਸਲੇ ਦੀ ਪੈਰਵਾਈ ਕਰ ਰਹੀਆਂ ਜਥੇਬੰਦੀਆਂ ਦਾ ਤਨ, ਮਨ ਅਤੇ ਧਨ ਨਾਲ ਸਾਥ ਦੇ ਕੇ ਐਸ.ਸੀ., ਬੀ.ਸੀ. ਉਮੀਦਵਾਰਾਂ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।