ਰੁੱਖਾਂ ’ਤੇ ਧਾਰਮਿਕ ਅੰਧ-ਵਿਸ਼ਵਾਸ ਦੀ ਮਾਰ ਸਰ੍ਹੋਂ ਦੇ ਤੇਲ ਅਤੇ ਟੂਣਿਆਂ ਨਾਲ ਸੁੱਕ ਰਹੇ ਹਨ ਅੱਧੀ ਸਦੀ ਪੁਰਾਣੇ ਦਰੱਖ਼ਤ
ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਹਰਮਹਿੰਦਰ ਪਾਲ)-ਧਾਰਮਿਕ ਅੰਧ-ਵਿਸ਼ਵਾਸ ਅਤੇ ਰਵਾਇਤੀ ਟੂਣੇ-ਟਾਮਣਾਂ ਕਾਰਨ ਸ਼ਹਿਰ ਦੇ ਦੁਰਲੱਭ ਤੇ ਪੁਰਾਣੇ ਰੁੱਖ ਹੌਲੀ-ਹੌਲੀ ਤਬਾਹੀ ਦੇ ਕੰਢੇ ਪਹੁੰਚ ਰਹੇ ਹਨ। ਧਾਰਮਿਕ ਸ਼ਰਧਾ ਦੇ ਨਾਂਲ ’ਤੇ ਪਿੱਪਲ, ਬੋਹੜ, ਜੰਡ ਅਤੇ ਬੇਰੀ ਵਰਗੇ ਪਵਿੱਤਰ ਅਤੇ ਵਾਤਾਵਰਨ ਪੱਖੋਂ ਅਹਿਮ ਦਰੱਖ਼ਤਾਂ ਦੀਆਂ ਜੜ੍ਹਾਂ ਅਤੇ ਤਣਿਆਂ ਵਿਚ ਸਰ੍ਹੋਂ ਦਾ ਤੇਲ ਚੜ੍ਹਾਉਣਾ, ਖੰਭੜੀਆਂ ਬੰਨ੍ਹਣਾ ਤੇ ਮਠਿਆਈਆਂ/ਲੱਡੂ ਰੱਖਣਾ ਰੁੱਖਾਂ ਲਈ ਘਾਤਕ ਸਾਬਤ ਹੋ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਹਰਮਹਿੰਦਰ ਪਾਲ)-ਧਾਰਮਿਕ ਅੰਧ-ਵਿਸ਼ਵਾਸ ਅਤੇ ਰਵਾਇਤੀ ਟੂਣੇ-ਟਾਮਣਾਂ ਕਾਰਨ ਸ਼ਹਿਰ ਦੇ ਦੁਰਲੱਭ ਤੇ ਪੁਰਾਣੇ ਰੁੱਖ ਹੌਲੀ-ਹੌਲੀ ਤਬਾਹੀ ਦੇ ਕੰਢੇ ਪਹੁੰਚ ਰਹੇ ਹਨ। ਧਾਰਮਿਕ ਸ਼ਰਧਾ ਦੇ ਨਾਂਲ ’ਤੇ ਪਿੱਪਲ, ਬੋਹੜ, ਜੰਡ ਅਤੇ ਬੇਰੀ ਵਰਗੇ ਪਵਿੱਤਰ ਅਤੇ ਵਾਤਾਵਰਨ ਪੱਖੋਂ ਅਹਿਮ ਦਰੱਖ਼ਤਾਂ ਦੀਆਂ ਜੜ੍ਹਾਂ ਅਤੇ ਤਣਿਆਂ ਵਿਚ ਸਰ੍ਹੋਂ ਦਾ ਤੇਲ ਚੜ੍ਹਾਉਣਾ, ਖੰਭੜੀਆਂ ਬੰਨ੍ਹਣਾ ਤੇ ਮਠਿਆਈਆਂ/ਲੱਡੂ ਰੱਖਣਾ ਰੁੱਖਾਂ ਲਈ ਘਾਤਕ ਸਾਬਤ ਹੋ ਰਿਹਾ ਹੈ। ਇਸ ਵਾਤਾਵਰਨ ਸੰਕਟ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਾਰਟ ਮਾਰਨਿੰਗ ਵਾਕ ਕਲੱਬ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਜਲਘਰ (ਵਾਟਰ ਵਰਕਸ) ਵਿਚ ਸਥਿਤ ਕਰੀਬ ਅੱਧੀ ਸਦੀ (50 ਸਾਲ) ਪੁਰਾਣੇ ਪਿੱਪਲ ਅਤੇ ਹੋਰ ਵਿਰਾਸਤੀ ਦਰੱਖ਼ਤਾਂ ਨੂੰ ਬਚਾਉਣ ਲਈ ਇਕ ਵੱਡੇ ਪੱਧਰ ’ਤੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਵਾਤਾਵਰਨ ਪ੍ਰੇਮੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੋਕ ਅਕਸਰ ਅਗਿਆਨਤਾ ਅੇ ਧਾਰਮਿਕ ਅੰਧ-ਵਿਸ਼ਵਾਸਾਂ ਦੇ ਚੱਲਦਿਆਂ ਦਰੱਖ਼ਤਾਂ ਦੇ ਤਣਿਆਂ ਅਤੇ ਜੜ੍ਹਾਂ ’ਤੇ ਗਾੜ੍ਹਾ ਸਰ੍ਹੋਂ ਦਾ ਤੇਲ ਪਾ ਦਿੰਦੇ ਹਨ। ਜੜ੍ਹਾਂ ਤੇ ਛੱਲ ’ਤੇ ਤੇਲ ਦੀ ਪਰਤ ਜੰਮਣ ਨਾਲ ਰੁੱਖਾਂ ਦੇ ਮਸਾਮ ਬੰਦ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਕੁਦਰਤੀ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਜਾਂਦਾ ਹੈ। ਤਣਿਆਂ ’ਤੇ ਲੱਡੂ, ਚੌਲ ਅਤੇ ਮਠਿਆਈਆਂ ਚੜ੍ਹਾਉਣ ਨਾਲ ਉੱਥੇ ਹਾਨੀਕਾਰਕ ਕੀੜੇ, ਸਿਉਂਕ ਅਤੇ ਫੰਗਸ ਪੈਦਾ ਹੁੰਦੀ ਹੈ, ਜੋ ਅੰਦਰੋਂ-ਅੰਦਰ ਰੁੱਖਾਂ ਦੀ ਲੱਕੜ ਨੂੰ ਗਾਲ ਦਿੰਦੀ ਹੈ। ਕਲੱਬ ਦੇ ਨੁਮਾਇੰਦਿਆਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਿਹੜੇ ਰੁੱਖ ਸਾਨੂੰ ਮੁਫ਼ਤ ਵਿਚ ਜੀਵਨਦਾਈ ਆਕਸੀਜਨ, ਛਾਂ, ਅਤੇ ਫ਼ਲ-ਫ਼ੁੱਲ ਵਰਗੀਆਂ ਅਨਮੋਲ ਨਿਆਮਤਾਂ ਦਿੰਦੇ ਹਨ, ਉਨ੍ਹਾਂ ਨੂੰ ਮਹਿਜ਼ ਰਸਮਾਂ ਪੂਰੀਆਂ ਕਰਨ ਲਈ ਅਣਗਹਿਲੀ ਨਾਲ ਮਾਰਨਾ ਵੱਡਾ ਗੁਨਾਹ ਹੈ। ਇਸ ਜਾਗਰੂਕਤਾ ਅਭਿਆਨ ਤਹਿਤ ਕਲੱਬ ਵਲੋਂ ਜਲਘਰ ਅਤੇ ਸ਼ਹਿਰ ਦੇ ਵੱਖ-ਵੱਖ ਜਨਤਕ ਸਥਾਨਾਂ ’ਤੇ ਲੱਗੇ ਦਰੱਖ਼ਤਾਂ ’ਤੇ ਵਿਸ਼ੇਸ਼ ਜਾਗਰੂਕਤਾ ਫਲੈਕਸ ਬੋਰਡ ਲਗਾਏ ਜਾ ਰਹੇ ਹਨ, ਤਾਂ ਜੋ ਆਮ ਲੋਕਾਂ ਨੂੰ ਤੇਲ ਆਦਿ ਨਾ ਪਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪੁਰਾਣੇ ਰੁੱਖਾਂ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ ਅਤੇ ਵੱਧ ਤੋਂ ਵੱਧ ਨਵੇਂ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਇਆ ਜਾਵੇ।