ਪ੍ਰਸ਼ਾਸਨ ਦੇ ਵਿਸ਼ਵਾਸ ਦਿਵਾਉਣ ਉਪਰੰਤ ਕਿਸਾਨਾਂ ਨੇ ਸੜਕ ਜਾਮ ਕਰਨ ਦਾ ਫ਼ੈਸਲਾ ਮੁਲਤਵੀ ਕੀਤਾ
ਸਾਦਿਕ, 14 ਅਕਤੂਬਰ (ਆਰ. ਐਸ.
ਸਾਦਿਕ, 14 ਅਕਤੂਬਰ (ਆਰ.ਐਸ.ਧੁੰਨਾ)-ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਚੱਲ ਰਹੀ ਢਿੱਲੀ ਖਰੀਦ ਅਤੇ ਹਾਈਬਿ੍ਰਡ ਝੋਨੇ ਤੇ ਸ਼ੈਲਰਾਂ ਵਾਲਿਆਂ ਵਲੋਂ ਕੱਟ ਲਗਾਏ ਜਾਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਵਿਰੋਧ ਵਿਚ ਬੀਤੇ ਦਿਨੀਂ ਸਾਦਿਕ ਇਲਾਕੇ ਦੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ, ਵਰਕਰਾਂ ਨੇ ਮਾਰਕਿਟ ਕਮੇਟੀ ਦੇ ਦਫ਼ਤਰ ਵਿਖੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਸੀ, ਤੋਂ ਬਾਅਦ ਪ੍ਰਸ਼ਾਸਨ ਵਲੋਂ ਗੁਰਜੀਤ ਸਿੰਘ ਦਿਉਲ ਡੀ.ਐਫ.ਐਸ.ਸੀ ਫ਼ਰੀਦਕੋਟ, ਗੁਰਚਰਨਪਾਲ ਸਿੰਘ ਡੀ.ਐਫ.ਐਸ.ਓ ਫ਼ਰੀਦਕੋਟ, ਨੀਤੂ ਕਪੂਰ ਸਿੰਗਲਾ ਚੇਅਰਪਰਸਨ ਮਾਰਕੀਟ ਕਮੇਟੀ ਸਾਦਿਕ ਅਤੇ ਸਕੱਤਰ ਵਰਿੰਦਰ ਸਿੰਘ ਨੇ ਅੱਜ ਮਾਰਕੀਟ ਕਮੇਟੀ ਸਾਦਿਕ ਵਿਖੇ ਕਿਸਾਨ ਆਗੂਆਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਸਰਕਾਰੀ ਮਾਪਦੰਡਾਂ ਅਨੁਸਾਰ ਜਾਰੀ ਰਹੇਗੀ ਅਤੇ ਝੋਨੇ ਦੀ ਖਰੀਦ ’ਤੇ ਕੋਈ ਕੱਟ ਨਹੀਂ ਲਾਉਣ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਵਲੋਂ ਜਬਰਦਸਤੀ ਕੱਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿਸਾਨ ਉਸਦੀ ਸੂਚਨਾ ਮਾਰਕੀਟ ਕਮੇਟੀ ਸਾਦਿਕ ਜਾਂ ਉਨ੍ਹਾਂ ਨੂੰ ਦੇ ਸਕਦਾ ਹੈ ਅਤੇ ਕੱਟ ਲਗਾਉਣ ਵਾਲੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੇ ਝੋਨੇ ਦੀ ਨਿਰਵਿਘਨ ਖਰੀਦ ਕੀਤੀ ਜਾਵੇ ਅਤੇ ਕਿਸਾਨਾਂ, ਆੜਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਆੜਤੀਆਂ ਦਾ ਪੱਖ ਲੈਂਦਿਆਂ ਕਿਹਾ ਕਿ ਜੇਕਰ ਕੱਲ੍ਹ ਨੂੰ ਆੜਤੀਆਂ ਦੁਆਰਾ ਖਰੀਦੇ ਝੋਨੇ ਨੂੰ ਸ਼ੈਲਰਾਂ ਵਾਲੇ ਲਹਾਉਣ ਤੋਂ ਆਨਾਕਾਨੀ ਕਰਨ ਲੱਗ ਪਏ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਵੀ ਕਿਸਾਨਾਂ ਦਾ ਝੋਨਾ ਸ਼ੈਲਰਾਂ ਵਿਚ ਹੀ ਲੱਗਦਾ ਹੈ ਅਤੇ ਇਸ ਵਾਰ ਵੀ ਬਿਨ੍ਹਾਂ ਕਿਸੇ ਸੱਮਸਿਆ ਦੇ ਸ਼ੈਲਰਾਂ ਵਿਚ ਹੀ ਲੱਗੇਗਾ। ਅਧਿਕਾਰੀਆਂ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਕਿਸਾਨਾਂ ਨੇ ਸੜਕਾਂ ਨੂੰ ਜਾਮ ਕਰਨ ਦਾ ਆਪਣਾ ਪ੍ਰੋਗਰਾਮ ਮੁਲਤੱਵੀ ਕਰ ਦਿੱਤਾ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਅਤੇ ਆੜ੍ਹਤੀਏ ਹਾਜ਼ਰ ਸਨ।